ਗ੍ਰਹਿ ਮੰਤਰਾਲੇ ਵੱਲੋਂ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਜੇਕਰ ਪਰਿਵਾਰ ਵਿਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਜਨਮ ਦੇ ਰਜਿਸਟ੍ਰੇਸ਼ਨ ਵਿਚ ਮਾਤਾ-ਪਿਤਾ ਦੇ ਧਰਮ ਨਾਲ ਜੁੜੀ ਜਾਣਕਾਰੀ ਦੇਣੀ ਹੋਵੇਗੀ। ਇਸ ਤਹਿਤ ਬੱਚੇ ਦੇ ਮਾਤਾ-ਪਿਤਾ ਨਾਲ ਜੁੜੀ ਜਾਣਕਾਰੀ ਵੱਖ-ਵੱਖ ਦਰਜ ਕਰਨੀ ਜ਼ਰੂਰੀ ਹੈ। ਹੁਣ ਤੱਕ ਦੇ ਨਿਯਮ ਮੁਤਾਬਕ ਬੱਚੇ ਦੇ ਜਨਮ ਦੇ ਸਮੇਂ ਪਰਿਵਾਰ ਦੇ ਧਰਮ ਨਾਲ ਜੁੜੀ ਜਾਣਕਾਰੀ ਦਰਜ ਹੁੰਦੀ ਸੀ ਪਰ ਹੁਣ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਮਾਡਲ ਰੂਲਸ ਦਾ ਡਰਾਫਟ ਤਿਆਰ ਕੀਤਾ ਹੈ।
ਪਹਿਲੇ ਬਚੇ ਦੇ ਜਨਮ ਨਾਲ ਜੁੜੇ ਰਜਿਸਟ੍ਰੇਸ਼ਨ ਫਾਰਮ ਨੰਬਰ 1 ਵਿਚ ਪਰਿਵਾਰ ਦੇ ਧਰਮ ਦਾ ਕਾਲਮ ਹੁੰਦਾ ਸੀ ਪਰ ਹੁਣ ਇਸ ਦੇ ਨਾਲ ਇਕ ਕਾਲਮ ਹੋਰ ਜੋੜਿਆ ਗਿਆ ਹੈ। ਇਸ ਕਾਲਮ ਵਿਚ ਬਚੇ ਦੇ ਮਾਤਾ-ਪਿਤਾ ਦੇ ਧਰਮ ਨਾਲ ਜੁੜੀ ਜਾਣਕਾਰੀ ਦੇਣੀ ਹੋਵੇਗੀ। ਗੋਦ ਲੈਣ ਦੀ ਪ੍ਰਕਿਰਿਆ ਲਈ ਫਾਰਮ ਨੰਬਰ1 ਜ਼ਰੂਰੀ ਹੋਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਥ ਰਜਿਸਟ੍ਰੇਸ਼ਨ ਦੇ ਨਵੇਂ ਫਾਰਮ ਨੰਬਰ-1 ਤੋਂ ਮਿਲਣ ਵਾਲੇ ਡਾਟਾਬੇਸ ਦੇ ਆਧਾਰ ‘ਤੇ ਹੀ ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਆਧਾਰ ਕਾਰਡ, ਵੋਟਰ ਲਿਸਟ, ਰਾਸ਼ਨ ਕਾਰਡ, ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਨੂੰ ਅਪਡੇਟ ਕੀਤਾ ਜਾਵੇਗਾ। ਬੱਚੇ ਦੇ ਜਨਮ ਨਾਲ ਜੁੜਿਆ ਇਹ ਡਿਜੀਟਲ ਸਰਟੀਫਿਕੇਟ ਸਿੰਗਲ ਡਾਕੂਮੈਂਟ ਵਜੋਂ ਮਾਨਤਾ ਪ੍ਰਾਪਤ ਹੋਵੇਗਾ। ਇੰਨਾ ਹੀ ਨਹੀਂ ਇਹ ਕਿਸੇ ਵੀ ਸਕੂਲ ਜਾਂ ਕਾਲਜ ਵਿਚ ਐਡਮਿਸ਼ਨ ਸਮੇਂ ਜਨਮ ਪ੍ਰਮਾਣ ਪੱਤਰ ਵਜੋਂ ਵੀ ਮੰਨਣਯੋਗ ਹੋਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਜੇਲ੍ਹ ‘ਚ ਮਿਲਣ ਵਾਲਿਆਂ ਦੀ ਲਿਸਟ ‘ਚ ਭਗਵੰਤ ਮਾਨ ਦਾ ਨਾਂ ਸ਼ਾਮਲ, ਅਗਲੇ ਹਫਤੇ ਹੋਵੇਗੀ ਮੁਲਾਕਾਤ
ਇਸ ਤੋਂ ਇਲਾਵਾ ਹੁਣ ਕਿਸੇ ਦੀ ਮੌਤ ਹੋਣ ‘ਤੇ ਬਣਾਏ ਜਾਣ ਵਾਲੇ ਡੈੱਥ ਸਰਟੀਫਿਕੇਟ ਵਿਚ ਉਸ ਦੀ ਮੌਤ ਦੇ ਹਾਲੀਆ ਕਾਰਨ ਦੇ ਨਾਲ ਹੀ ਪੁਰਾਣੀ ਬੀਮਾਰੀ ਨਾਲ ਜੁੜੀ ਜਾਣਕਾਰੀ ਵੀ ਦੇਣੀ ਹੋਵੇਗੀ। ਰਜਿਸਟਰਾਰ ਜਨਰਲ ਆਫ ਇੰਡੀਆ ਵੱਲੋਂ ਡੈੱਥ ਸਰਟੀਫਿਕੇਟ ਵਿਚ ਤਤਕਾਲੀ ਕਾਰਨ ਨਾਲ ਹੀ ਪੁਰਾਣੀ ਬੀਮਾਰੀ ਨਾਲ ਜੁੜੀ ਜਾਣਕਾਰੀ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: