ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 2024 ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਕਾਂਗਰਸ ਮੁੜ ਸੱਤਾ ‘ਚ ਆਏਗੀ। ਸਭ ਤੋਂ ਵੱਧ ਸੀਟਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤਣਗੇ । ਸਭ ਤੋਂ ਜ਼ਿਆਦਾ ਵੋਟ ਫੀਸਦੀ ਕਾਂਗਰਸ ਦਾ ਹੋਵੇਗਾ।
ਬਲਕੌਰ ਸਿੰਘ ਵੱਲੋਂ ਚੋਣਾਂ ਲੜੇ ਜਾਣ ਦੇ ਬਿਆਨ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਲਈ ਉਹ ਬਹੁਤ ਹੀ ਸਤਿਕਾਰਯੋਗ ਹਨ। ਅਸੀਂ ਤਾਂ ਉਨ੍ਹਾਂ ਚੋਣ ਲੜਨ ਦਾ ਸੱਦਾ ਦਿੱਤਾ ਸੀ ਕਿ ਤੁਸੀਂ ਕਾਂਗਰਸ ਤੋਂ ਚੋਣ ਲੜੋ, ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਸਾਡਾ ਇਕ ਪਰਿਵਾਰ ਹੈ। ਸਿੱਧੂ ਸਾਡਾ ਭਰਾ ਸੀ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਚੰਗਾ ਹੁੰਦਾ ਜੇ ਸਿੱਧੂ ਸਾਡੇ ਵਿਚ ਹੁੰਦਾ ਪਰ ਜੇਕਰ ਉਹ ਚੋਣ ਲੜ ਰਹੇ ਹਨ ਤਾਂ ਇਹ ਬਹੁਤ ਹੀ ਚੰਗੀ ਗੱਲ ਹੈ।
ਇਹ ਵੀ ਪੜ੍ਹੋ : VVPAT ਵੈਰੀਫਿਕੇਸ਼ਨ ‘ਤੇ SC ਨੇ ਫੈਸਲਾ ਰੱਖਿਆ ਸੁਰੱਖਿਅਤ, ਕਿਹਾ-‘ਚੋਣ ਲਈ EC ‘ਤੇ ਭਰੋਸਾ ਕਰਨਾ ਹੋਵੇਗਾ’
ਬਾਕੀ ਰਹਿੰਦੀਆਂ ਸੀਟਾਂ ਉਤੇ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ‘ਤੇ ਕਾਂਗਰਸ ਪ੍ਰਧਾਨ ਨੇ ਜਵਾਬ ਦਿੱਤਾ ਕਿ 2-3 ਦਿਨਾਂ ਵਿਚ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਬੀਤੇ ਦਿਨੀਂ ਕਾਂਗਰਸ ਤੋਂ ਭਾਜਪਾ ਵਿਚ ਗਏ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ ਤਾਂ ਅਸੀਂ ਭੇਜ ਦੇਈਏ, ਇਸ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਮੇਰਾ ਭਰਾ ਹੈ ਪਰ ਮੈਂ ਲਿਖ ਕੇ ਦਿੰਦਾ ਹਾਂ ਕਿ ਕਿ ਇਸ ਵਾਰ ਬਿੱਟੂ ਚੋਣ ਹਾਰੇਗਾ। ਪਾਰਟੀ ਛੱਡਣ ਵਾਲਿਆਂ ‘ਤੇ ਤੰਜ ਕੱਸਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਉਹ ਨਿੱਜੀ ਸੁਆਰਥ ਵਾਸਤੇ ਅਜਿਹਾ ਕਰ ਰਹੇ ਹਨ। ਦਲ ਬਦਲੂਆਂ ‘ਤੇ ਕਾਨੂੰਨ ਬਣਨ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਜਿਹੜੇ ਆਗੂ ਦਲ ਬਦਲ ਰਹੇ ਹਨ ਜਦੋਂ ਉਨ੍ਹਾਂ ਦੇ ਪੀਪੇ ਖਾਲੀ ਨਿਕਲਣਗੇ ਤਾਂ ਆਪਣੇ ਆਪ ਹੀ ਕਾਨੂੰਨ ਬਣ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: