ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾਂ ਦੇ ਮਾਲ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਦਾਮ ਵਿਚ ਪਿਆ ਵਾਹਨਾਂ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਲਗਭਗ ਇਕ ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 11 ਵਜੇ ਸੂਚਨਾ ਫਾਇਰ ਬ੍ਰਿਗੇਡ ਦੇ ਆਫਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ ਸੀ ਜਿਸ ਦੇ ਬਾਅਦ ਤੁਰੰਤ ਪ੍ਰਭਾਵ ਨਾਲ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਥਾਣੇ ਦੇ ਪਿਛਲੇ ਹਿੱਸੇ ਵਿਚ ਬਣੇ ਮਾਲ ਗੋਦਾਨ ਵਿਚ ਲੱਗੀ। ਅੱਗ ਨਾਲ ਥਾਣੇ ਵਿਚ ਪਏ ਇੰਪਾਊਂਡ ਕੀਤੇ ਗਏ ਵਾਹਨ ਤੇ ਹੋਰ ਕਬਾੜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਜਿਸ ਜਗ੍ਹਾ ‘ਤੇ ਅੱਗ ਲੱਗੀ ਹੈ ਉਸ ਜਗ੍ਹਾ ‘ਤੇ ਕਿਸੇ ਦਾ ਆਉਣਾ-ਜਾਣਾ ਨਹੀਂ ਸੀ। ਮੁੱਢਲੀ ਜਾਂਚ ਤੋਂ ਲੱਗ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਹੋ ਸਕਦੀ ਹੈ ਕਿਉਂਕਿ ਮਾਲ ਗੋਦਾਮ ਕੋਲ ਇਕ ਬਿਜਲੀ ਵਾਲਾ ਸਵਿੱਚ ਲੱਗਾ ਹੋਇਆ ਸੀ। ਜਲਦ ਮਾਮਲੇ ਦੀ ਜਾਂਚ ਦੇ ਬਾਅਦ ਰਿਪੋਰਟ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ।