ਪੈਰਿਸ ਓਲੰਪਿਕ ਵਿੱਚ ਭਾਰਤ ਨੇ ਹਾਕੀ ਵਿੱਚ ਸਪੇਨ ਨੂੰ 2-1 ਨਾਲ ਹਰਾ ਇਤਿਹਾਸ ਰਚ ਦਿੱਤਾ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਲਈ ਵੱਡਾ ਐਲਾਨ ਕੀਤਾ ਗਿਆ । ਦਰਅਸਲ, ਮਾਨ ਸਰਕਾਰ ਵੱਲੋਂ ਭਾਰਤੀ ਹਾਕੀ ਟੀਮ ਦੇ ਹਰ ਇੱਕ ਖਿਡਾਰੀ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਖੁਦ CM ਭਗਵੰਤ ਮਾਨ ਨੇ ਟਵੀਟ ਕਰ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਡ ਨੀਤੀ ਮੁਤਾਬਕ ਪੰਜਾਬ ਦੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
CM ਭਗਵੰਤ ਮਾਨ ਨੇ ਟਵੀਟ ਕਰ ਕੇ ਹਾਕੀ ਟੀਮ ਨੂੰ ਵਧਾਈ ਵੀ ਦਿੱਤੀ ਹੈ। ਉਨ੍ਹਾਂ ਕਿਹਾ, “ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ। ਪੈਰਿਸ ਵਿਖੇ ਭਾਰਤ ਨੇ ਚੌਥਾ ਓਲੰਪਿਕਸ ਮੈਡਲ ਜਿੱਤਿਆ ਹੈ। ਸਾਰੀ ਹਾਕੀ ਟੀਮ ਨੂੰ ਮੁਬਾਰਕਾਂ। ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ। ਟੀਮ ਦਾ ਹਰ ਖਿਡਾਰੀ ਜੀਅ ਜਾਨ ਨਾਲ ਖੇਡਿਆ।”
ਦੱਸ ਦਈਏ ਕਿ 52 ਸਾਲ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕਸ ਵਿੱਚ ਹਾਕੀ ਵਿੱਚ ਲਗਾਤਾਰ ਦੋ ਵਾਰ ਤਗਮਾ ਜਿੱਤਿਆ। ਭਾਰਤ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਹੁਣ ਲਗਾਤਾਰ ਦੋ ਤਮਗ਼ੇ ਜਿੱਤੇ ਹਨ। ਇਸ ਤੋਂ ਪਹਿਲਾਂ ਲਗਾਤਾਰ ਦੋ ਤਮਗ਼ੇ 1968 ਮੈਕਸੀਕੋ ਤੇ 1972 ਮਿਊਨਿਖ ਜਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: