ਧੁੰਦ ਕਰਕੇ ਪੰਜਾਬ ਵਿਚ ਲਗਾਤਾਰ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕੋ ਹੀ ਪਰਿਵਾਰ ਦੇ 3 ਨੌਜਵਾਨਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਜੈਨ ਕਾਰ ਵਿਚ ਸਵਾਰ ਹੋ ਕੇ ਤਿੰਨੋਂ ਨੌਜਵਾਨ ਘਰ ਵਾਪਸ ਆ ਰਹੇ ਸਨ ਤੇ ਤਿੰਨਾਂ ਵਿਚੋਂ ਇਕ ਨੌਜਵਾਨ ਗੱਡੀ ਵਿਚੋਂ ਉਤਰ ਕੇ ਮੋਬਾਈਲ ਦੀ ਟਾਰਚ ਨਾਲ ਲਾਈਟ ਕਰ ਰਿਹਾ ਸੀ ਕਿਉਂਕਿ ਧੁੰਦ ਕਰਕੇ ਉਨ੍ਹਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਇੰਨੇ ਵਿਚ ਹੀ ਉਨ੍ਹਾਂ ਦੀ ਕਾਰ ਪਿੰਡ ਟੋਭੇ ਵਿਚ ਜਾ ਕੇ ਡੁੱਬ ਜਾਂਦੀ ਹੈ ਜਿਸ ਕਰਕੇ 3 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਮਾਪਿਆਂ ਦੇ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਘਟਨਾ ਬੀਤੀ ਰਾਤ ਲਗਭਗ 8.30 ਵਜੇ ਵਾਪਰੀ। ਜਦੋਂ ਕਾਰ ਵਿਚ ਸਵਾਰ ਹੋ ਕੇ 4 ਨੌਜਵਾਨ ਘਰ ਜਾ ਰਹੇ ਸੀ ਕਿ ਰਸਤੇ ਵਿਚ ਹੀ ਉਨ੍ਹਾਂ ਨਾਲ ਹਾਦਸਾ ਵਾਪਰ ਜਾਂਦਾ ਹੈ। ਕਾਰ ਟੋਭੇ ਵਿਚ ਡੁੱਬਣ ਨਾਲ ਮੌਕੇ ‘ਤੇ ਚੀਕ-ਚਿਹਾੜਾ ਮਚ ਜਾਂਦਾ ਹੈ ਤੇ ਜਿੰਨੀ ਦੇਰ ਵਿਚ ਲੋਕ ਉਨ੍ਹਾਂ 4 ਨੌਜਵਾਨਾਂ ਦੀ ਮਦਦ ਲਈ ਪਹੁੰਚਦੇ ਹਨ ਓਨੀ ਦੇਰ ਵਿਚ 3 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਇਕ ਨੌਜਵਾਨ ਨੂੰ ਬਚਾ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ਪਹੁੰਚੇਗੀ SKM ਦੀ 6 ਮੈਂਬਰੀ ਕਮੇਟੀ, ਡੱਲੇਵਾਲ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ
ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਕਮਲਪ੍ਰੀਤ ਜਿਸ ਦੀ ਉਮਰ 18 ਸਾਲ ਸੀ ਤੇ ਉਹ 12ਵੀਂ ਕਲਾਸ ਦਾ ਵਿਦਿਆਰਥੀ ਸੀ। ਦੂਜਾ ਨੌਜਵਾਨ ਹਰਦੀਪ ਸਿੰਘ ਸੀ ਤੇ ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ, ਜੋ ਕਿ ਨੇਵੀ ਵਿਚ ਸੀ ਤੇ ਤੀਜੇ ਨੌਜਵਾਨ ਦੀ ਪਛਾਣ ਇੰਦਰਜੋਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 23 ਸਾਲ ਦੇ ਕਰੀਬ ਸੀ, ਦੁਨੀਆ ਵਿਚ ਨਹੀਂ ਰਹੇ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਇਕੋ ਸਮੇਂ 3 ਨੌਜਵਾਨਾਂ ਦੀ ਮੌਤ ਹੋ ਜਾਣ ਨਾਲ ਪਿੰਡ ਵਾਸੀ ਗਮਗੀਨ ਹਨ।
ਵੀਡੀਓ ਲਈ ਕਲਿੱਕ ਕਰੋ -: