ਸ੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਫਿਰੋਜ਼ਪੁਰ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਅਸ਼ੀਸ਼ ਚੋਪੜਾ ਗੈਂਗ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣੇ ਜਿਹੇ ਫਿਰੋਜ਼ਪੁਰ ਵਿਚ ਹੋਏ ਦੋਹਰੇ ਕਤਲਕਾਂਡ, ਰਿਸ਼ਭ ਤੇ ਸ਼ਾਲੂ ਦੀ ਹੱਤਿਆ ਵਿਚ ਸ਼ਾਮਲ ਸਨ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਮਨਦੀਪ ਸਿੰਘ ਤੇ ਸੋਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਲੁਕੇ ਹੋਏ ਹਨ। ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਟਿਕਾਣੇ ‘ਤੇ ਛਾਪਾ ਮਾਰਿਆ ਤਾਂ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : AAP ਸੁਪਰੀਮੋ ਕੇਜਰੀਵਾਲ ਦਾ ਐਲਾਨ, ਛੋਟੇ ਵਪਾਰੀਆਂ ਦੀ ਸੁਰੱਖਿਆ ਲਈ ਮਾਨ ਸਰਕਾਰ ਵੱਲੋਂ ਬਣਾਇਆ ਜਾਵੇਗਾ ਵਪਾਰੀ ਬੋਰਡ
ਦੂਜੇ ਪਾਸੇ ਜਦੋਂ ਪੁਲਿਸ ਨੇ ਫਿਰੋਜ਼ਪੁਰ ਵਿਚ ਮਨਪ੍ਰੀਤ ਸਿੰਘ ਉਰਫ ਮਨੂੰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿਚ ਉਹ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਮਨੂੰ ਫਿਰੋਜ਼ਪੁਰ ਵਿਚ ਹੋਈ ਇਕ ਹੋਰ ਕਤਲ ਦਾ ਵੀ ਮੁੱਖ ਸ਼ੂਟਰ ਸੀ। ਇਸ ਤਰ੍ਹਾਂ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੇ ਇਕ ਹੋਰ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਮੁਲਜ਼ਮਾਂ ਕੋਲੋਂ 3 ਪਿਸਤੌਲਾਂ, 7 ਜਿੰਦਾ ਕਾਰਤੂਸ ਤੇ 4 ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























