ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਸੂਬੇ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਇਸ ਲਈ ਇੱਕ ਵਿਸ਼ੇਸ਼ ਗਿਰਦਾਵਰੀ (ਸਰਵੇਖਣ) ਕਰਵਾਉਣ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਸਿਰਫ਼ ਮੁਆਵਜ਼ੇ ਦਾ ਐਲਾਨ ਨਹੀਂ ਹੋਵੇਗਾ ਸਗੋਂ ਇਸਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸਾਰਾ ਮੁਆਵਜ਼ਾ 30 ਤੋਂ 40 ਦਿਨਾਂ ਵਿੱਚ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਜਾਵੇਗਾ।
ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਮਿਲੇਗਾ, ਪ੍ਰਤੀ ਜਾਨਵਰ ਦੇ ਨੁਕਸਾਨ ਲਈ 37500 ਰੁਪਏ ਤੇ ਘਰ ਦੇ ਨੁਕਸਾਨ ਲਈ 40,000 ਰੁਪਏ ਦਿੱਤੇ ਜਾਣਗੇ। ਚੈੱਕ ਤਿਆਰ ਹਨ 30-40 ਦਿਨਾਂ ਵਿਚ ਸਰਵੇ ਦਾ ਡਾਟਾ ਆ ਜਾਏਗਾ। ਜਿਥੇ 100 ਫੀਸਦੀ ਨੁਕਸਾਨ ਹੋਇਆ ਹੈ ਉਥੇ ਇੱਕ ਮਹੀਨੇ ਦੇ ਅੰਦਰ ਪਹਿਲਾ ਚੈੱਕ ਦਿੱਤਾ ਜਾਵੇਗਾ।

ਮੁੱਖ ਮੰਤਰੀ ਇਹ ਵੀ ਕਿਹਾ ਕਿ ਹੜ੍ਹਾਂ ਕਰਕੇ ਹੁਣ ਤੱਕ 55 ਲੋਕਾਂ ਦੀ ਮੌਤ ਹੋਈ ਹੈ, ਸਰਕਾਰ ਪਹਿਲਾਂ ਹੀ ਮੌਤ ਦੇ ਮਾਮਲਿਆਂ ਵਿੱਚ 42 ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੀ ਹੈ ਅਤੇ ਬਾਕੀ ਪਰਿਵਾਰਾਂ ਨੂੰ ਵੀ ਜਲਦੀ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਮੈਂ ਚੈਨ ਨਾਲ ਨਹੀਂ ਬੈਠਾਂਗਾ। ਜੇ ਕਿਸੇ ਅਧਿਕਾਰੀ ਨੇ ਸੁਸਤੀ ਕੀਤੀ ਜਾਂ ਗਲਤ ਫਾਰਮ ਭਰੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ‘ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਘਰ ਚੈੱਕ ਪਹੁੰਚਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਇਕੱਲਾ ਐਲਾਨ ਨਹੀਂ ਹੈ, ਹਰ ਪੀੜਤ ਨੂੰ ਦਿੱਤਾ ਜਾਵੇਗਾ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਘਰਾਂ, ਪਸ਼ੂਆਂ ਤੇ ਫਸਲਾਂ ਦੀ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਗਏ ਹਨ। 30-0 ਦਿਨਾਂ ਵਿਚ ਸਪੈਸ਼ਲ਼ ਗਿਰਦਾਵਰੀ ਦੀ ਰਿਪੋਰਟ ਮਿਲੇਗੀ। ਇਸ ਦੇ ਲਈ ਅਫਸਰਾਂ ਵੱਲੋਂ ਪਿੰਡ-ਪਿੰਡ ਜਾ ਕੇ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪੁੱਤ ਤੇ ਲਾਣੇਦਾਰ ਹੋਣ ਦੇ ਨਾਤੇ ਮੈਨੂੰ ਬਹੁਤ ਦੁੱਖ ਹੈ, ਪਰ ਮੈਨੂੰ ਸੰਤੁਸ਼ਟੀ ਵੀ ਹੈ ਕਿ ਸਰਕਾਰ ਇਕੱਲੀ ਨਹੀਂ ਸਰਕਾਰ ਨਾਲ ਬਹੁਤ ਸਾਰੇ ਲੋਕ ਖੜ੍ਹੇ ਹਨ।
ਇਹ ਵੀ ਪੜ੍ਹੋ : ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਮਿਲਿਆ ਵੱਡਾ ਝਟਕਾ, ਬਜ਼ੁਰਗ ਕਿਸਾਨ ਮਹਿਲਾ ‘ਤੇ ਟਿੱਪਣੀ ਦਾ ਮਾਮਲਾ
CM ਮਾਨ ਨੇ ਕਿਹਾ ਕਿ ਪੰਜਾਬ ਨੂੰ ਆਫ਼ਤਾਂ ਤੇ ਸੰਕਟਾਂ ਨਾਲ ਨਜਿੱਠਣਾ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ NGOs, ਕਲਾਕਾਰਾਂ ਤੇ ਸੰਸਥਾਵਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਤਾਂ ਬੇਗਾਨਿਆਂ ਨੂੰ ਭੁੱਖਾ ਨਹੀਂ ਰਹਿਣ ਦਿੰਦੇ, ਆਪਣਿਆਂ ਨੂੰ ਕਿੱਦਾਂ ਭੁੱਖੇ ਰਹਿਣ ਦੇਣਗੇ
ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਪਰਿਵਾਰ ਦਾ ਪੁੱਤ ਹਾਂ, ਸਾਡਾ ਖੇਤ ਵੀ ਡੁੱਬਦਾ ਰਿਹਾ ਤੇ ਸਾਡੇ ਵੀ ਉਸ ਦਿਨ ਰੋਟੀ ਨੀ ਸੀ ਪੱਕਦੀ ਹੁੰਦੀ, ਜਦੋਂ ਤੱਕ ਇਕੱਲੇ ਇੱਕਲੇ ਘਰ ਨੂੰ ਛੱਤ ਦੀ ਤਰੇੜ ਜਾਂ ਫਸਲ ਦਾ ਪੈਸਾ ਨਹੀਂ ਮਿਲਦਾ, ਉਦੋਂ ਤੱਕ ਨਾ ਮੈਂ ਚੇਨ ਨਾਲ ਸੋਵਾਂਗਾ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਸੌਣ ਦਿਆਂਗਾ।
ਵੀਡੀਓ ਲਈ ਕਲਿੱਕ ਕਰੋ -:
























