ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ ਤੇ ਪਿੰਡ ਮੰਗੂਪੁਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਪਤੀ-ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦਵਾਈ ਲੈਣ ਦੇ ਲਈ ਗੋਇੰਦਵਾਲ ਜਾ ਰਹੇ ਸਨ। ਇਸ ਦੌਰਾਨ ਉਹ ਤਲਵੰਡੀ ਚੌਧਰੀਆਂ ਤੋਂ ਅੱਗੇ ਪਿੰਡ ਮੰਗੂਪੁਰ ਨੇੜੇ ਸਥਿਤ ਇੱਕ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਮੋਟਰਸਾਈਕਲ ਨੂੰ ਮੋੜਨ ਲੱਗੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਬਰੀਜਾ ਗੱਡੀ ਦੇ ਚਾਲਕ ਨੇ ਉਹਨਾਂ ਨੂੰ ਪਿਛਲੇ ਪਾਸਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ।
ਪਤੀ-ਪਤਨੀ ਨੇ ਜ਼ਖਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਦਮ ਤੋੜ ਦਿੱਤਾ। ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਤੀ-ਪਤਨੀ ਪਛਾਣ ਸੇਵਾ ਮੁਕਤ ਸੂਬੇਦਾਰ ਫਕੀਰ ਸਿੰਘ (73) ਪੁੱਤਰ ਉਜਾਗਰ ਸਿੰਘ ਅਤੇ ਬਲਵੀਰ ਕੌਰ(71) ਪਤਨੀ ਫਕੀਰ ਸਿੰਘ ਵਾਸੀ ਪਰਮਜੀਤਪੁਰ (ਆਲੂਪੁਰ) ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : AAP ਵੱਲੋਂ 27 ਹਲਕਾ ਸੰਗਠਨ ਇੰਚਾਰਜ ਨਿਯੁਕਤ, ਆਤਮ ਨਗਰ ਤੋਂ ਕਵਲਜੀਤ ਸਚਦੇਵਾ ਨੂੰ ਮਿਲੀ ਜ਼ਿੰਮੇਵਾਰੀ
ਮਾਮਲੇ ਨੂੰ ਲੈ ਕੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਥਾਣਾ ਮੁਖੀ ਅਨੁਸਾਰ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

























