ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦੀਆਂ ਅੰਤਿਮ ਰਸਮਾਂ ਅੱਜ (3 ਅਕਤੂਬਰ) ਨੂੰ ਮੋਹਾਲੀ ਦੇ ਦੁੱਲਟ ਰਿਜ਼ੋਰਟ ਵਿਖੇ ਕੀਤੀਆਂ ਜਾ ਰਹੀਆਂ ਹਨ। ਅੰਤਿਮ ਅਰਦਾਸ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਹੈ ਇਸ ਮਗਰੋਂ ਪੱਗ ਬਨਾਈ ਦੀ ਰਸਮ ਹੋਵੇਗੀ। ਕਰਮਜੀਤ ਸਿੰਘ ਅਨਮੋਲ, ਰਣਜੀਤ ਮਨੀ, ਪੰਜਾਬੀ ਸਿੰਗਰ ਦਵਿੰਦਰ ਦਿਆਲਪੁਰੀ, ਦੁਰਗਾ ਰੰਗੀਲਾ, ਹੰਸ ਰਾਜ ਹੰਸ, ਜਰਨੈਲ ਜੈਲੀ, ਅਮਰ ਨੂਰੀ, ਅਦਾਕਾਰ ਪ੍ਰਕਾਸ਼ ਸਣੇ ਪੰਜਾਬੀ ਫਿਲਮ ਤੇ ਮਿਊਜਿਕ ਇੰਡਸਟਰੀ ਦੀਆਂ ਕਈ ਪ੍ਰਮੁੱਖ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੀਆਂ ਹਨ।

ਆਹੂਜਾ ਦਾ 21 ਸਤੰਬਰ ਨੂੰ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ ਅਤੇ ਲੀਵਰ ਦੇ ਕੈਂਸਰ ਤੋਂ ਪੀੜਤ ਸਨ। ਉਹ ਪੀਜੀਆਈ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੀਆਂ ਅੰਤਿਮ ਰਸਮਾਂ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤੀਆਂ ਗਈਆਂ।

ਚਰਨਜੀਤ ਆਹੂਜਾ ਨੂੰ “ਪੰਜਾਬੀ ਸੰਗੀਤ ਦੇ ਸ਼ਿਲਪਕਾਰ” ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਥੰਮ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ। ਉਨ੍ਹਾਂ ਦੇ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਜਗਤ ਨੂੰ ਇੱਕ ਨਵੀਂ ਪਛਾਣ ਦਿੱਤੀ।
ਇਹ ਵੀ ਪੜ੍ਹੋ : WhatsApp ਨੇ ਇੱਕੋ ਵਾਰੀ ਦਿੱਤੇ ਕਈ ਅਪਟੇਡਸ! ਲਾਈਵ ਫੋਟੋ ਸ਼ੇਅਰਿੰਗ ਸਣੇ ਕਈ ਫੀਚਰ ਹੋਏ ਐਡ
ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਹੋਰਾਂ ਨੇ ਆਹੂਜਾ ਦੀਆਂ ਸੁਰਾਂ ਰਾਹੀਂ ਪ੍ਰਸਿੱਧੀ ਪ੍ਰਾਪਤ ਕੀਤੀ। ਕੁਝ ਗਾਇਕਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਸੰਗੀਤ ਨਾਲ ਕੀਤੀ, ਅਤੇ ਕੁਝ ਤਾਂ ਸੁਪਰਸਟਾਰ ਵੀ ਬਣ ਗਏ। ਚਰਨਜੀਤ ਆਹੂਜਾ ਆਪਣੇ ਪਿੱਛੇ ਚਾਰ ਪੁੱਤਰ ਛੱਡ ਗਏ ਹਨ ਜੋ ਮਿਊਜਿਕ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























