ਰਾਜਵੀਰ ਜਵੰਦਾ ਜੋ ਕਿ ਫੋਰਟਿਸ ਹਸਪਤਾਲ ਵਿਚ ਪਿਛਲੇ ਕਈ ਦਿਨਾਂ ਤੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ ਤੇ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਫੋਰਟਿਸ ਹਸਪਤਾਲ ਵੱਲੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਹਸਪਤਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ 10.55 ਵਜੇ ਆਖਰੀ ਸਾਹ ਲਏ। ਉਹ 11 ਦਿਨ ਤੋ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਵੈਂਟੀਲੇਟਰ ‘ਤੇ ਸਨ। ਹਸਪਾਤਲ ਨੇ ਕਿਹਾ ਕਿ ਜਵੰਦਾ ਨੂੰ ਜਦੋਂ ਹਸਪਤਾਲ ਭਰਤੀ ਕਰਾਇਆ ਗਿਆ ਸੀ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੇ ਬ੍ਰੇਨ ਨੂੰ ਬਹੁਤ ਸੱਟ ਵੱਜੀ ਸੀ। ਮਲਟੀ ਆਰਗਨ ਫੇਲੀਅਰ ਦੀ ਵਜ੍ਹਾ ਤੋਂ ਉਨ੍ਹਾਂ ਨੇ ਦਮ ਤੋੜ ਦਿੱਤਾ।
CM ਭਗਵੰਤ ਮਾਨ ਨੇ ਰਾਜਵੀਰ ਜਵੰਦਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਮੌਤ ਦੀ ਖਬਰ ਸੁਣ ਕੇ ਬਹੁਤ ਦੁਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ। ਛੋਟੀ ਉਮਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ”

ਰਾਜਵੀਰ ਜਵੰਦਾ ਦੇ ਦਿਹਾਂਤ ‘ਤੇ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਮਾਨ ਨੇ ਦੁੱਖ ਜਤਾਇਆ ਤੇ ਕਿਹਾ- “ਆਪਣੇ ਗੀਤਾਂ ਤੇ ਆਵਾਜ਼ ਨਾਲ ਲੋਕ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਿਆ। ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਨੂੰ ਪਰਮਾਤਮਾ ਆਪਣੇ ਚਰਨਾਂ ‘ਚ ਥਾਂ ਦੇਣ।
ਮਨਕੀਰਤ ਔਲਖ ਨੇ ਰਾਜਵੀਰ ਜਵੰਦਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ- “ਅੱਜ ਦੁਨੀਆ ਤੋ ਇੱਕ ਅਣਮੁੱਲਾ ਹੀਰਾ, ਮਾਂ ਦਾ ਪੁੱਤ, ਇੱਕ ਭੈਣ ਦਾ ਵੀਰ, ਇੱਕ ਘਰਵਾਲੀ ਦਾ ਸੁਹਾਗ, ਬੱਚਿਆ ਦਾ ਬਾਪ ਤੇ ਯਾਰਾ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੈਂ ਜਿੰਨੇ ਯੋਗਾ ਹਾਂ ਜਵੰਧਾ ਪਰਿਵਾਰ ਨਾਲ ਖੜਾ ਹਾਂ।
ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਲਿਖਿਆ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਦੁੱਖ ਪਹੁੰਚਿਆ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਵਿਚ ਜੇਰੇ ਇਲਾਜ ਸਨ। “ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ। ਰਾਜਵੀਰ ਜਵੰਦਾ ਦੇ ਗੀਤ ਤੇ ਉਨ੍ਹਾਂ ਦੀ ਮਿੱਠੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗੀ”

LoP ਪ੍ਰਤਾਪ ਬਾਜਵਾ ਨੇ ਵੀ ਜਵੰਦਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ “ਕਈ ਦਿਨਾਂ ਦੇ ਬਹਾਦਰ ਸੰਘਰਸ਼ ਤੋਂ ਬਾਅਦ ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ। ਤੁਹਾਡੀ ਰੂਹਾਨੀ ਆਵਾਜ਼ ਸਾਡੇ ਦਿਲਾਂ ‘ਚ ਹਮੇਸ਼ਾ ਲਈ ਗੂੰਜਦੀ ਰਹੇਗੀ।
ਪ੍ਰਗਟ ਸਿੰਘ ਨੇ ਵੀ ਰਾਜਵੀਰ ਜਵੰਦਾ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਗਹਿਰਾ ਦੁੱਖ ਪ੍ਰਗਾਇਆ। ਉਨ੍ਹਾਂ ਕਿਹਾ ਕਿ ਬਹੁਤ ਦੁਆਵਾਂ ਦੇ ਬਾਵਜੂਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਸਾਨੂੰ ਬਹੁਤ ਜਲਦੀ ਛੱਡ ਗਏ। ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਡੂੰਘੀਆਂ ਸੰਵੇਦਨਾਵਾਂ।
MP ਰਾਜਾ ਵੜਿੰਗ ਨੇ ਵੀ Rajvir Jawanda ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। MP ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਿਹਤਯਾਬੀ ਲਈ ਸਾਡੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਚਰਨਾਂ ‘ਚ ਨਿਵਾਸ ਅਤੇ ਚਾਹੁਣ ਵਾਲਿਆਂ ਸਣੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਗਾਇਕ ਰੇਸ਼ਮ ਸਿੰਘ ਅਨਮੋਲ ਵੀ ਰਾਜਵੀਰ ਜਵੰਦਾ ਦੀ ਮੌਤ ਮਗਰੋਂ ਭਾਵੁਕ ਹੋ ਗਏ। ਉਨ੍ਹਾਂ ਲਿਖਿਆ – ਅੱਜ ਮੌਤ ਜਿੱਤ ਗਈ ਤੇ ਸਾਡਾ ਜਵੰਦਾ ਭਰਾ ਹਾਰ ਗਿਆ। ਪੂਰੇ ਪੰਜਾਬ ਦੀਆਂ ਖੁਸ਼ੀਆਂ ਨੂੰ ਅੱਜ ਗ੍ਰਹਿਣ ਲੱਗਿਆ ਹੈ । ਅਵਾਰਾ ਪਸ਼ੂਆਂ ਕਰ ਕੇ ਅੱਜ ਪੂਰਾ ਪੰਜਾਬ ਰੋ ਰਿਹਾ ਹੈ । ਆਓ ਆਪਾਂ ਇਸ ਮੁੱਦੇ ਦਾ ਹੱਲ ਕਰਵਾਈਏ ਤਾਂ ਜੋ ਕਿਸੇ ਹੋਰ ਪਰਿਵਾਰ ਦੀਆਂ ਖੁਸ਼ੀਆਂ ਬਰਬਾਦ ਨਾ ਹੋਣ।
ਗਾਇਕ Sajjan Adeeb ਵੀ ਭਾਵੁਕ ਹੋ ਗਿਆ ਤੇ ਉਨ੍ਹਾਂ ਕਿਹਾ ਕਿ ਜਵੰਦੇ ਬਾਈ ਨੇ ਕਦੇ ਕਿਸੇ ਨੂੰ ਛੋਟਾ ਨਹੀਂ ਫੀਲ ਹੋਣ ਦਿੱਤਾ। ਬਾਈ ਨਾਲ ਮੈਂ ਕਦੇ Bodyguard ਨਹੀਂ ਦੇਖਿਆ। 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ‘ਚ ਮਿਲੇ ਸੀ। ਸਾਡਾ ਸੋਹਣਾ ਸੁਨੱਖਾ ਵੀਰ ਸਾਡੇ ‘ਚੋਂ ਇੰਨੀ ਜਲਦੀ ਚਲਾ ਜਾਵੇਗਾ, ਅਸੀਂ ਕਦੇ ਸੋਚਿਆ ਵੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
























