ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋ ਗਈ। ਇਸ ਦੌਰਾਨ ਕਰਾਸ ਫਾਇਰਿੰਗ ਵਿਚ ਮੁਲਜ਼ਮ ਦੇ ਪੈਰ ਵਿਚ ਗੋਲੀ ਲੱਗ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਘਟਨਾ ਬੀਤੀ ਰਾਤ ਲਗਭਗ 1 ਵਜੇ ਵਾਪਰੀ। ਪੁਲਿਸ ਬਦਮਾਸ਼ ਵਿਕਰਮ ਨੂੰ ਨਿਸ਼ਾਨਦੇਹੀ ਲਈ ਲੈ ਕੇ ਆਈ ਸੀ। ਇਸ ਦੌਰਾਨ ਮੌਕੇ ਦਾ ਫਾਇਦਾ ਚੁੱਕ ਕੇ ਉਸ ਨੇ ਪੁਲਿਸ ਦੀ ਪਿਸਤੌਲ ਖੋਹ ਕੇ ਗੋਲੀ ਚਲਾਈ ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਵਿਕਰਮਜੀਤ ਉਰਫ ਵਿਕਰਮ 7 ਅਕਤੂਬਰ ਨੂੰ ਪਹਿਲਾਂ ਰਣਜੀਤ ਐਵੇਨਿਊ ਦੇ ਸੀ-ਬਲਾਕ ਸਥਿਤ ਇਕ ਘਰ ਵਿਚ ਆਪਣੇ ਸਾਥੀਆਂ ਨਾਲ “ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ” ਬਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਸੀ ਜਿਸ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਭੁੱਲਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਆਰਮਸ ਐਕਟ ਤੇ NDPS ਐਕਟ ਵਰਗੇ ਕੇਸ ਸ਼ਾਮਲ ਹਨ। ਪੁਲਿਸ ਨੇ ਵਿਕਰਮ ਦੇ ਤਿੰਨ ਸਾਥੀਆਂ ਮਨਜੀਤ, ਜਤਿੰਦਰ ਸਿੰਧੂ ਤੇ ਇਕ ਹੋਰ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਨੇੜੇ ਅਚਾਨਕ ਡਿੱਗੀ ਇਮਾਰਤ, ਘਟਨਾ ਦੌਰਾਨ ਇਮਾਰਤ ‘ਚ ਕੰਮ ਕਰ ਰਹੇ ਸਨ ਮਜ਼ਦੂਰ, 1 ਜ਼ਖਮੀ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਅਪਰਾਧ ਖਿਲਾਫ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਤੇ ਕੋਈ ਵੀ ਅਪਰਾਧੀ ਭਾਵੇਂ ਕਿਸੇ ਵੀ ਸੂਬੇ ਵਿਚ ਕਿਉਂ ਨਾ ਲੁਕਿਆ ਹੋਵੇ, ਉਸ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਵੇਗਾ ਤੇ ਫਿਲਹਾਲ ਪੁਲਿਸ ਨੇ ਮੁਲਜ਼ਮਾਂ ਤੋਂ 3 ਹਥਿਆਰ ਬਰਾਮਦ ਕੀਤੇ ਹਨ ਤੇ ਹੋਰ ਲੁੱਟ ਦੀਆਂ ਘਟਨਾਵਾਂ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























