ਗੋਆ ਦੇ ਅਰਪੋਰਾ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਵੱਡਾ ਹਾਦਸਾ ਵਾਪਰ ਗਿਆ। ਇੱਕ ਨਾਈਟ ਕਲੱਬ ਵਿੱਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ, ਜਿਸ ਨਾਲ 23 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਚਾਰ ਸੈਲਾਨੀ ਅਤੇ 14 ਸਟਾਫ ਮੈਂਬਰ ਸ਼ਾਮਲ ਹਨ, ਜਦੋਂ ਕਿ ਪੰਜ ਹੋਰ ਅਣਪਛਾਤੇ ਹਨ।
ਪੁਲਿਸ ਮੁਤਾਬਕ ਸਿਲੰਡਰ ਵਿਚ ਰਾਤ 12:00 ਵਜੇ ਦੇ ਕਰੀਬ ਬਲਾਸਟ ਹੋਇਆ। ਧਮਾਕਾ ਇੰਨਾ ਜਬਰਦਸਤ ਸੀ ਕਿ ਅੱਗ ਮਿੰਟਾਂ ਵਿੱਚ ਹੀ ਪੂਰੇ ਕਲੱਬ ਵਿੱਚ ਫੈਲ ਗਈ। ਫਾਇਰ ਬ੍ਰਿਗੇਡ ਨੇ ਦੇਰ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸਥਾਨਕ ਵਿਧਾਇਕ ਮਾਈਕਲ ਲੋਬੋ ਮੌਕੇ ‘ਤੇ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਲੋਕਾਂ ਦੀ ਮੌਤ ਸੜਨ ਨਾਲ ਹੋਈ ਹੈ ਅਤੇ ਬਾਕੀ ਮੌਤਾਂ ਦਮ ਘੁੱਟਣ ਨਾਲ ਹੋਈਆਂ ਹਨ। ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਲੱਬ ਵਿੱਚ ਫਾਇਰ ਸੇਪਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇੱਕ ਫੋਰੈਂਸਿਕ (FSL) ਟੀਮ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਗੋਆ ਦੇ ਡੀਜੀਪੀ ਆਲੋਕ ਕੁਮਾਰ ਨੇ ਦੱਸਿਆ ਕਿ 25 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਕਲੱਬ ਦੇ ਕਰਮਚਾਰੀ ਸਨ। ਡੀਜੀਪੀ ਨੇ ਦੱਸਿਆ ਕਿ ਅੱਗ ਸ਼ੁਰੂ ਵਿੱਚ ਗਰਾਊਂਡ ਫਲੋਰ ‘ਤੇ ਰਸੋਈ ਤੋਂ ਕਲੱਬ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ, ਜਿਸ ਕਾਰਨ ਜ਼ਿਆਦਾਤਰ ਲਾਸ਼ਾਂ ਕਿਚਨ ਏਰੀਆ ਵਿੱਚ ਮਿਲੀਆਂ। ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੌੜੀਆਂ ‘ਤੇ ਦੋ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਵਾਂਸ਼ਹਿਰ : ਗਲਤ ਸਾਈਡ ਤੋਂ ਆਉਂਦੇ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਮੁੱਕੇ ਨਵ-ਵਿਆਹੁਤਾ ਦੇ ਸਾਹ
ਸੀਐਮ ਸਾਵੰਤ ਨੇ ਐਕਸ ‘ਤੇ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਅੱਜ ਗੋਆ ਲਈ ਬਹੁਤ ਦੁਖਦਾਈ ਦਿਨ ਹੈ। ਅਰਪੋਰਾ ਵਿੱਚ ਲੱਗੀ ਭਿਆਨਕ ਅੱਗ ਵਿੱਚ 23 ਲੋਕਾਂ ਦੀ ਮੌਤ ਹੋ ਗਈ। ਮੈਂ ਬਹੁਤ ਦੁਖੀ ਹਾਂ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਸਾਰੇ ਪ੍ਰਭਾਵਿਤ ਪਰਿਵਾਰਾਂ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ ਅਤੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜਾਂਚ ਇਹ ਤੈਅ ਕਰੇਗੀ ਕਿ ਅੱਗ ਕਿਵੇਂ ਲੱਗੀ ਅਤੇ ਕੀ ਫਾਇਰ ਸੇਫਟੀ ਅਤੇ ਇਮਾਰਤ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਗਈ। ਕਾਨੂੰਨ ਤਹਿਤ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























