ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਪਵਿੱਤਰ ਸਰੋਵਰ ਵਿਚ ‘ਵਜ਼ੂ’ ਕਰਨ ਵਾਲੇ ਨੌਜਵਾਨ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੰਬੰਧਤ ਨੌਜਵਾਨ ਵੱਲੋਂ ਸੋਸ਼ਲ ਮੀਡੀਆ ‘ਤੇ ਮਾਫੀ ਮੰਗੇ ਜਾਣ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਅਜੇ ਤੱਕ ਉਸ ਨੂੰ ਸਵੀਕਾਰ ਨਹੀਂ ਕੀਤਾ ਹੈ। ਹੁਣ ਉਸ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੁਸਲਿਮ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਨੌਜਵਾਨ ਦਾ ਨਾਂ ਸੁਭਾਨ ਹੈ। ਉਸ ਨੂੰ ਯੂ.ਪੀ. ਦੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ। ਦੱਸ ਦੇਈਏ ਕਿ ਇਸੇ ਸਬੰਧ ਵਿਚ ਕੁਝ ਨਿਹੰਗ ਸਿੱਖ ਗਾਜ਼ੀਆਬਾਦ ਪਹੁੰਚੇ ਤੇ ਨੌਜਵਾਨ ਖਿਲਾਫ ਸਥਾਨਕ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।
ਨਿੰਹਗਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਹਰਕਤ ਉਸ ਨੌਜਵਾਨ ਨੇ ਕੀਤੀ, ਉਹ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਭਾਈਚਾਰੇ ‘ਤੇ ਅਕਸਰ ਕਾਨੂੰਨ ਹੱਥ ਵਿਚ ਲੈਣ ਦੇ ਦੋਸ਼ ਲਗਾਏ ਜਾਂਦੇ ਹਨ, ਇਸ ਲਈ ਉਹ ਸਭ ਤੋਂ ਪਹਿਲਾਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੁਲਿਸ ਕੋਲ ਆਏ ਹਨ। ਨਿਹੰਗਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਨੌਜਵਾਨ ਨਾਲ ਪੂਰੀ ਜਾਣਕਾਰੀ ਮੌਜੂਦ ਹੈ ਤੇ ਉਹ ਚਾਹੁੰਦੇ ਹਨ ਕਿ ਉਹ ਜਨਤਕ ਤੌਰ ਤੋਂ ਆ ਕੇ ਸਿੱਖ ਮਰਿਆਦਾ ਅਨੁਸਾਰ ਮਾਫੀ ਮੰਗੇ। ਮਾਮਲੇ ਨੂੰ ਲੈ ਕੇ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਨੌਜਵਾਨ ਨੇ ਕੁਰਲੀ ਕਰਕੇ ਰੀਲ ਬਣਾਈ। ਵੀਡੀਓ ਨੂੰ ‘ਮੁਸਲਿਮ ਸ਼ੇਰ’ ਲਿਖ ਕੇ ਸੋਸ਼ਲ ਮੀਡੀਆ ‘ਤੇ ਪਾਈ ਗਈ। ਜੋ ਨੌਜਵਾਨ ਕੁਰਲੀ ਕਰਦਾ ਦਿਖਾਈ ਦੇ ਰਿਹਾ ਹੈ, ਉਸ ਨੇ ਮੁਸਲਿਮ ਟੋਪੀ ਪਹਿਨੀ ਹੋਈ ਹੈ। ਇਹ ਵੀਡੀਓ ਸਾਹਮਣੇ ਆਉਣ ਦੇ ਬਾਅਦ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਵੀਡੀਓ ਦੀ ਜਾਂਚ ਹੋਵੇਗੀ। ਜੇਕਰ ਉਹ ਸਹੀ ਹੈ ਤਾਂ ਫਿਰ ਉਸ ਸਮੇਂ ਸੇਵਾਦਾਰ ਕਿਥੇ ਸੀ, ਇਸ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਵੈਲਰਸ ਦੇ ਸ਼ੋਅਰੂਮ ‘ਚ ਅਕਾਉਂਟੈਂਟ ਨੇ ਹੀ ਕੀਤਾ ਹੱਥ ਸਾਫ! ਜਾਅਲੀ ਕੈਸ਼ ਬਿੱਲ ਕੱਟੇ, ਸੋਨਾ ਕੀਤਾ ਗਾਇਬ
SGPC ਵੱਲੋਂ ਪਹਿਲਾਂ ਹੀ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਗੋਲਡ ਟੈਂਪਲ ਪਰਿਸਰ ਵਿਚ ਰੀਲ ਬਣਾਉਣ ਨੂੰ ਲੈ ਕੇ ਰੀਲ ਲਗਾਈ ਗਈ ਹੈ। ਇਸ ਲਈ ਦੂਜੇ ਪਾਸੇ ਸੇਵਾਦਾਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਕਿਸੇ ਨੂੰ ਇਥੇ ਇਸ ਤਰ੍ਹਾਂ ਦੀ ਇਤਰਾਜ਼ਯੋਗ ਵੀਡੀਓ ਨਾ ਬਣਾਉਣ ਦੇਣ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਨੌਜਵਾਨ ਵੱਲੋਂ ਕੀਤੀ ਗਈ ਹਰਕਤ ਮਰਿਆਦਾ ਦੇ ਖਿਲਾਫ ਹੈ। ਗੋਲਡਨ ਟੈਂਪਲ ਸਿੱਖ ਧਰਮ ਦਾ ਸਰਵਉੱਚ ਤੇ ਅਤਿਅੰਤ ਪਵਿੱਤਰ ਧਾਰਮਿਕ ਸਥਾਨ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।
























