ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਸਟੇਸ਼ਨ ਧਮਾਕੇ ਨਾਲ ਸਬੰਧਤ ਜਾਂਚ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਵਿਚ ਪਾਕਿ ਸਮਰਥਿਤ BKI ਅੱਤਵਾਦੀ ਨੈਟਵਰਕ ਨਾਲ ਜੁੜੇ ਇਕ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਤੇ ਇਸ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਹਿਮਾਚਲ ਪ੍ਰਦੇਸ਼ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਕੀਤਾ। ਮੁਲਜ਼ਮਾਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਸ਼ੇਰੂ ਉਰਫ ਕਮਲ ਤੇ ਪ੍ਰਦੀਪ ਸਿੰਘ ਉਰਫ ਦੀਪੂ ਵਜੋਂ ਹੋਈ ਹੈ। ਦੋਵੇਂ ਨਵਾਂਸ਼ਹਿਰ ਦੇ ਰਾਹੋਂ ਦੇ ਰਹਿਣ ਵਾਲੇ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਇਕ IED ਵੀ ਬਰਾਮਦ ਕੀਤਾ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਗੁਰਗੇ ਗੁਰਪ੍ਰੀਤ ਉਰਫ ਗੋਪੀ ਨਵਾਂਸ਼ਹਿਰੀਆ ਤੇ ਬੀਕੇਆਈ ਦੇ ਮਾਸਟਰਮਾਈਂਡ ਹਰਵਿੰਦਰ ਰਿੰਦਾ ਦੇ ਕਰੀਬੀ ਸਹਿਯੋਗੀ ਸੁਸ਼ਾਂਤ ਚੋਪੜਾ ਦੇ ਨਿਰਦੇਸ਼ ‘ਤੇ ਕੰਮ ਕਰ ਰਹੇ ਸਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ 31 ਦਸੰਬਰ 2025 ਨੂੰ ਗ੍ਰਿਫਤਾਰ ਮੁਲਜ਼ਮਾਂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਵਿਚ ਇਕ IED ਪਹੁੰਚਾਇਆ ਸੀ ਜਿਸ ਦਾ ਇਸਤੇਮਾਲ ਬਾਅਦ ਵਿਚ 1 ਜਨਵਰੀ 2026 ਨੂੰ ਨਾਲਾਗੜ੍ਹ ਪੁਲਿਸ ਸਟੇਸ਼ਨ ਧਮਾਕੇ ਵਿਚ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਤਹਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਜ਼ਾਕ ਵਾਲੀ ਵੀਡੀਓ ‘ਤੇ ਬੋਲੇ ਹੰਸ ਰਾਜ ਹੰਸ-‘ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ ਨਛੱਤਰ ਮੁਆਫ਼ ਕਰ ਦੇਵੇ’
ਮਾਮਲੇ ਵਿਚ ਫੋਰਵਰਡ ਤੇ ਬੈਕਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਸੀਨੀਅਰ ਸੁਪਰਡੈਂਟ ਆਫ ਪੁਲਿਸ ਨਵਾਂਸ਼ਹਿਰ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਰਾਹੋਂ ਵਿਚ NDPS ਐਕਟ ਤਹਿਤ ਦਰਜ ਇਕ ਮਾਮਲੇ ਦੀ ਜਾਂਚ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਦਾ ਰੋਸ ਸੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ ‘ਤੇ ਕੰਮ ਕਰਨ ਵਿਚ ਪਾਇਆ ਗਿਆ। ਪੁਲਿਸ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਦੀ ਵੀ ਪਛਾਣ ਕੀਤੀ ਹੈ ਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਖਿਲਾਫ ਪੁਲਿਸ ਸਟੇਸ਼ਨ ਰਾਹੋਂ ਵਿਚ ਆਰਮਸ ਐਕਟ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ), ਅਧਿਨਿਯਮ (ਯੂਏਪੀਏ) ਤੇ ਭਾਰਤੀ ਨਿਆਂ ਸਹਿੰਤਾ (ਬੀਐੱਨਐੱਸ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























