Punjab-Haryana border sealed : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਹਰਿਆਣਾ ਬਾਡਰ ਨੂੰ ਸੀਲ ਕਰ ਦਿੱਤਾ ਹੈ। ਕੱਲ ਰਾਤ ਪੰਜਾਬ ਪੁਲਿਸ ਦੇ ਵੱਲੋਂ ਅਚਾਨਕ ਹੀ ਬਾਰਡਰ ‘ਤੇ ਨਾਕਾਬੰਦੀ ਨੂੰ ਟਾਈਟ ਕਰ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਹਰਿਆਣਾ ਦਿੱਲੀ ਤੋਂ ਆਉਣ ਵਾਲੇ ਨਿੱਜੀ ਵਾਹਾਨਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਨੂੰ ਲੈਣ ਲਈ ਸਬੰਧਤ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਪਰਮਿਟ/ ਪ੍ਰਵਾਨਗੀ ਤੋਂ ਬਿਨਾਂ ਪੰਜਾਬ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰਹੱਦ ਨੂੰ ਸੀਲ ਕਰਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਆਖਿਆ, ”ਅਸੀਂ ਕਿਸੇ ਨੂੰ ਵੀ ਢੁੱਕਵੀਂ ਪ੍ਰਕ੍ਰਿਆਂ ਤੋਂ ਬਿਨਾਂ ਦਾਖਲ ਹੋਣ ਦੀ ਆਗਿਆ ਨਹੀਂ ਦੇਵਾਂਗੇ।” ਕੁਝ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਸਿਰਫ ਜ਼ਰੂਰੀ ਵਸਤਾਂ ਵਾਲੇ ਟਰੱਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਪਰਤਣ ਵਾਲੇ ਪੰਜਾਬੀਆਂ ਦਾ ਸਵਾਗਤ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਹੋਣਾ ਜ਼ਰੂਰੀ ਹੈ ਤੇ ਜੇਕਰ ਟੈਸਟ ਤੋਂ ਬਾਅਦ ਕੋਈ ਕੋਰੋਨਾ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਏਕਾਂਤਵਾਸ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣਾ ਹੋਵੇਗਾ, ਨਹੀਂ ਤਾਂ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸੇ ਵੀ ਅਣ-ਅਧਿਕਾਰਤ ਵਾਹਨ ਨੂੰ ਸਰਹੱਦ ‘ਤੇ ਦਾਖਲ ਹੋਣ ਦੀ ਇਜਾਜ਼ਤ ਨਾ ਦੇਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਅਸੀਂ ਸਥਿਤੀ ‘ਤੇ ਕਾਬੂ ਨਾ ਪਾਇਆ ਤਾਂ ਕੋਈ ਉਦਯੋਗ ਨਹੀਂ ਖੁੱਲ੍ਹੇਗਾ। ਦੂਜੇ ਪਾਸੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਕੋਲ ਪ੍ਰਮੀਸ਼ਨ ਪਾਸ ਹੈ ਉਨ੍ਹਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਲੋਕ ਹਰਿਆਣਾ ਵਿਚ ਰਹਿੰਦੇ ਹਨ ਅਤੇ ਪੰਜਾਬ ਵਿਚ ਨੌਕਰੀ ਕਰਦੇ ਹਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ।