The first lab started in Panchkula : ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਪਹਿਲੀ ਆਈਟੀ ਪੀਸੀਆਰ ਲੈਬ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਟੈਸਟ ਲਈ ਸੈਂਪਲ ਪੀਜੀਆਈ ਨਹੀਂ ਭੇਜੇ ਜਾਣਗੇ, ਸਗੋਂ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਹੀ 3 ਤੋਂ 5 ਘੰਟੇ ਦੌਰਾਨ ਹੀ ਸੈਂਪਲਾਂ ਦੀ ਜਾਂਚ ਕਰ ਲਈ ਜਾਵੇਗੀ। ਇਸ ਲੈਬ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕੀਤਾ। ਇਸ ਲੈਬ ਦੇ ਸ਼ੁਰੂ ਹੋਣ ਨਾਲ ਜਾਂਚ ਦੀ ਰਿਪੋਰਟ ਲਈ ਜ਼ਿਾਦਾ ਉਡੀਕ ਨਹੀਂ ਕਰਨੀ ਪਏਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਲੈਬ ਦੀ ਡਾਇਰੈਕਟਰ ਡਾਕਟਰ ਊਸ਼ਾ ਗੁਪਤਾ ਅਤੇ ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ ਹੁਣ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਪੀ.ਜੀ.ਆਈ. ਜਾਂ ਸੈਕਟਰ-39 ਦੀ ਲੈਬ ਵਿਚ ਨਹੀਂ ਜਾਣਾ ਪਵੇਗਾ। ਇਸ ਲੈਬ ਦੇ ਖੁਲ੍ਹਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਲੈਬੋਟਰੀ ਦੀ ਡਾਇਰੈਕਟਰ ਡਾ. ਊਸ਼ਾ ਅਤੇ ਇੰਚਾਰਜ ਡਾ. ਨੀਰਜ ਕੁਮਾਰ ਨੇ ਦੱਸਿਆ ਕਿ ਇਸ ਲੈਬਾਰਟਰੀ ਵਿਚ 80 ਤੋਂ 100 ਸੈਂਪਲ ਇਕ ਦਿਨ ਵਿਚ ਲਏ ਜਾ ਸਕਦੇ ਹਨ। ਪੀਜੀਆਈ ’ਤੇ ਪਹਿਲਾਂ ਹੀ ਤਿੰਨ ਸੂਬਿਆਂ ਦੇ ਨਿਰਭਰ ਹੋਣ ਨਾਲ ਟੈਸਟਾਂ ਦੀ ਰਿਪੋਰਟ ਆਉਣ ’ਚ ਦੇਰ ਹੋ ਜਾਂਦੀ ਸੀ ਪਰ ਹੁਣ ਹਰਿਆਣਾ ਦੇ ਪੰਚਕੂਲਾ ਵਿੱਚ ਹੀ ਇਹ ਸੈਂਪਲ ਟੈਸਟ ਕੀਤੇ ਜਾ ਸਕਦੇ ਹਨ। ਪੰਚਕੂਲਾ ਸਰਕਾਰੀ ਹਸਤਪਤਾਲ ਜ਼ਿਲ੍ਹੇ ਦਾ ਪਹਿਲਾ ਕੋਵਿਡ-19 ਲੈਬ ਵਾਲਾ ਹਸਪਤਾਲ ਬਣ ਗਿਆ ਹੈ।
ਦੱਸਣਯੋਗ ਹੈ ਕਿ ਇਸ ਲੈਬ ਵਿਚ ਲਗਾਈਆਂ ਮਸ਼ੀਨਾਂ ਵਿਚ ਇਕ ਵਾਰ ਹੀ 24 ਸੈਂਪਲ ਟੈਸਟ ਕੀਤੇ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਸੈਂਪਲ ਕੁਝ ਹੋਰ ਮਸ਼ੀਨਾਂ ਜਾਂਚ ਕਰਕੇ 3 ਤੋਂ 5 ਘੰਟੇ ਅੰਦਰ ਹੀ ਰਿਪੋਰਟ ਦੇ ਨੈਗੇਟਿਵ ਜਾਂ ਪਾਜ਼ੀਟਿਵ ਹੋਣ ਦਾ ਪਤਾ ਲਗ ਜਾਂਦਾ ਹੈ। ਡਾ. ਨੀਰਜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਸੈਂਪਲ ਹੁਣ ਤੋਂ ਅੰਬਾਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਪਹਿਲਾਂ ਪੀਜੀਆਈ ਜਾਂ ਏਮਜ਼ ਨੂੰ ਭੇਜੇ ਜਾਂਦੇ ਸਨ ਹੁਣ ਸਿੱਧੇ ਪੰਚਕੂਲਾ ਦੀ ਇਸ ਲੈਬੋਟਰੀ ਵਿਚ ਆਉਣਗੇ। ਸ਼ੁਰੂ ਵਿੱਚ ਪੰਚਕੂਲਾ ਦੀ ਇਸ ਲੈਬ ਵਿੱਚ 24 ਤੋਂ 25 ਸੈਂਪਲ ਲਏ ਜਾਣਗੇ ਅਤੇ ਇਸਤੋਂ ਬਾਅਦ ਇੱਕ ਹਫ਼ਤੇ ਬਾਅਦ 80 ਤੋਂ 100 ਸੈਂਪਲ ਲੈਣੇ ਸ਼ੁਰੂ ਕਰ ਦਿਤੇ ਜਾਣਗੇ।