Gift of promotion : ਪਹਿਲਾਂ ਜਿਥੇ ਕੈਪਟਨ ਸਰਕਾਰ ਵਲੋਂ ਪੁਲਿਸ ਕਰਮਚਾਰੀ ਜਿਹੜੇ ਕੋਰੋਨਾ ਖਿਲਾਫ ਜੰਗ ਵਿਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ, ਨੂੰ ਤਰੱਕੀ ਦੇ ਤੋਹਫੇ ਦਿੱਤੇ ਗਏ ਹਨ, ਉਥੇ ਹੁਣ ਸਿਹਤ ਵਿਭਾਗ ਵੀ ਹੁਣ ਪੁਲਿਸ ਵਿਭਾਗ ਦੀ ਤਰਜ਼ ‘ਤੇ ਕੋਰੋਨਾ ਦੀ ਲੜਾਈ ਵਿੱਚ ਸਹਿਯੋਗ ਦੇਣ ਵਾਲੇ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਤੋਹਫ਼ੇ ਦੇਣ ਦੀ ਤਿਆਰੀ ਕਰ ਰਿਹਾ ਹੈ। ਵਿਭਾਗ ਕੋਰੋਨਾ ਖਿਲਾਫ ਲੜ ਰਹੇ ਇੱਕ ਡਾਕਟਰ ਤੋਂ ਇੱਕ ਵਾਰਡ ਬੁਆਏ ਤੱਕ ਤਰੱਕੀ ਤੇ ਤਨਖਾਹ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਵੱਲੋਂ ਜਲਦੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਵਿੱਚ ਕਰਮਚਾਰੀਆਂ ਨੂੰ ਇਸ ਢੰਗ ਨਾਲ ਵਾਧਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਇਸ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਇਸ ਦਾ ਐਲਾਨ ਕਰੇਗੀ।
ਕੋਵਿਡ-19 ਖਿਲਾਫ ਲੜਾਈ ਵਿਚ ਸਿਹਤ ਵਿਭਾਗ ਵਲੋਂ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਹ ਵੀ ਆਪਣੀ ਜਾਨ ਜੋਖਿਮ ਵਿਚ ਪਾ ਕੇ ਦੂਜਿਆਂ ਦੀਆਂ ਜਾਨਾਂ ਨੂੰ ਬਚਾ ਰਹੇ। ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਵਿਡ ਦੀ ਲੜਾਈ ਵਿੱਚ ਇਹ ਕਰਮਚਾਰੀ ਅੱਗੇ ਹੋ ਕਿ ਲੜਾਈ ਲੜ ਰਹੇ ਹਨ। ਜਦੋਂ ਕਿ ਇਨ੍ਹਾਂ ਨੂੰ ਸਭ ਤੋਂ ਵੱਧ ਲਾਗ ਦਾ ਖ਼ਤਰਾ ਹੁੰਦਾ ਹੈ। ਇਸ ਲਈ ਵਿਭਾਗ ਉਨ੍ਹਾਂ ਲਈ ਵੀ ਕੁਝ ਕਰਨਾ ਚਾਹੁੰਦਾ ਹੈ। ਵਿਭਾਗ ਦੇ ਅਧਿਕਾਰੀ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਇਨਕਰੀਮੈਂਟ ਦੇਣ ਲਈ ਬੈਠਕ ਕਰ ਚੁੱਕੇ ਹਨ ਪਰ ਇਹ ਫੈਸਲਾ ਨਹੀਂ ਹੋ ਸਕਿਆ ਕਿ ਕਿੰਨੀ ਪ੍ਰਤੀਸ਼ਤ ਵਾਧਾ ਦੇਣਾ ਚਾਹੀਦਾ ਹੈ। ਅਜੇ ਹੋਰ ਮੀਟਿੰਗ ਹੋਣੀ ਬਾਕੀ ਹੈ ਤੇ ਇਸ ਤੋਂ ਬਾਅਦ ਪੂਰੀ ਯੋਜਨਾ ਤਿਆਰ ਕਰਨ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਭੇਜੀ ਜਾਵੇਗੀ।
ਕੈਪਟਨ ਵਲੋਂ ਸਮੇਂ-ਸਮੇਂ ‘ਤੇ ਇਨ੍ਹਾਂ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਦਾ ਉਤਸ਼ਾਹ ਬਣਿਆ ਰਹੇ ਤੇ ਹੋਰ ਅਧਿਕਾਰੀ ਵੀ ਇਨ੍ਹਾਂ ਤੋਂ ਸੀਖ ਲੈ ਕੇ ਆਪਣੇ ਕੰਮ ਨੂੰ ਪੂਰੀ ਈਮਾਨਦਾਰੀ ਨਾਲ ਨੇਪਰੇ ਚਾੜ੍ਹਣ।