2 more corona positive : ਪੰਜਾਬ ਦੇ ਮੋਹਾਲੀ ਵਿਖੇ ਅੱਜ ਸਵੇਰੇ 2 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ ਇਕ ਕੇਸ ਫੇਜ਼-10 ਵਿਚ ਰਹਿਣ ਵਾਲੀ 67 ਸਾਲਾ ਬਜੁਰਗ ਹੈ ਅਤੇ ਦੂਜਾ ਕੇਸ ਖਰੜ ਦੇ ਨੇੜੇ ਪਿੰਡ ਦੇਸੂਮਾਜਰਾ ਦੇ 27 ਸਾਲਾ ਦੀ ਔਰਤ ਹੈ। ਮੋਹਾਲੀ ਵਿਚ ਵੀ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਖਰੜ ਵਿਖੇ ਜਿਹੜੀ ਔਰਤ ਕੋਰੋਨਾ ਪਾਜੀਟਿਵ ਪਾਈ ਗਈ ਹੈ ਉਸ ਸਬੰਧੀ ਸਿਵਲ ਹਸਪਤਾਲ ਖਰੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਔਰਤ ਕਾਫੀ ਦਿਨਾਂ ਤੋਂ ਬੁਖਾਰ, ਖਾਂਸੀ ਤੇ ਸਾਹ ਦੀ ਤਕਲੀਫ ਤੋਂ ਪੀੜਤ ਸੀ। ਇਸ ਔਰਤ ਦੇ ਸੈਂਪਲ ਲੈ ਕੇ ਲੈਬ ਵਿਚ ਟੈਸਟ ਲਈ ਭੇਜੇ ਗਏ ਸਨ। ਪਹਿਲਾਂ ਔਰਤ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਜਿਥੇ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਸੀ। ਔਰਤ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਉਸ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਵੀ ਲੈਬ ਵਿਚ ਟੈਸਟ ਕਰਨ ਲਈ ਭੇਜਿਆ ਗਿਆ ਹੈ। ਫਿਲਹਾਲ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਔਰਤ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਔਰਤ ਕਾਫੀ ਸਾਲਾਂ ਤੋਂ ਇਥੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੀ ਹੈ। ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਔਰਤ ਕਿਸ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਪਾਜੀਟਿਵ ਪਾਈ ਗਈ ਹੈ। ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਨਾਲ ਅਹਿਤਿਆਤ ਦੇ ਤੌਰ ‘ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਮੋਹਾਲੀ ਵਿਖੇ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 94 ਤਕ ਪਹੁੰਚ ਗਈ ਹੈ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਇਸ ਵਧਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ।