The captain appealed : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਕੋਵਿਡ ਮਹਾਮਾਰੀ ਬਾਰੇ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਨਾ ਪੈਦਾ ਕਰਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਚਾਨਕ ਵਧੇ ਕੇਸਾਂ ਬਾਰੇ ਚਿੰਤਤ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚੋਂ ਦੂਜੇ ਸੂਬਿਆਂ ਤੋਂ ਹੋਰ ਲੋਕਾਂ ਦੇ ਆਪਣੇ ਘਰ ਆਉਣ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਫੈਸਲਾ ਕਰਦਿਆਂ ਫਸੇ ਹੋਏ ਲੋਕਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਦਿੱਤੀ ਹੈ। ਮੁੱਖ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਿਰੋਧੀ ਪਾਰਟੀਆਂ ਨੂੰ ਹੱਥ ਮਿਲਾਉਣ ਅਤੇ ਸੂਬਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ, ”ਅਸੀਂ ਇਸ ਵੇਲੇ ਲੜਾਈ ਲੜ ਰਹੇ ਹਾਂ ਅਤੇ ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ ਬਲਿਕ ਇਕਜੁੱਟਤਾ ਦਿਖਾਉਣ ਦਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਏਕਤਾਂਵਾਸ ਕੁਝ ਨਹੀਂ ਸਗੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖ ਰੱਖਣਾ ਹੈ ਜਦਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਹਿਤਿਆਤੀ ਕਦਮ ਦੇ ਤੌਰ ‘ਤੇ ਸੂਬੇ ਵਿੱਚ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਵਾਪਸ ਆਉਣ ਵਾਲੇ ਹਰੇਕ ਪੰਜਾਬੀ ਦਾ ਸਵਾਗਤ ਹੈ ਅਤੇ ਇੱਥੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਵਾਲਿਆਂ ਨੂੰ ਵੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਪਰ ਇਹ ਸਭ ਕੁਝ ਸਹੀ ਢੰਗ ਨਾਲ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਕੋਰੋਨਾਵਾਇਰਸ ਦਾ ਅੱਗੇ ਹੋਰ ਫੈਲਾਅ ਨਾ ਹੋਵੇ।
ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਦੋ ਦਿਨਾਂ ਪਹਿਲਾਂ ਕਰਫਿਊ ਵਿੱਚ ਦਿੱਤੀ ਢਿੱਲ ਦੇ ਸਮੇਂ ਦੌਰਾਨ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ, ਹੱਥਾਂ ਦੀ ਸਫਾਈ ਅਤੇ ਸਮਾਜਿਕ ਦੂਰੀ ਸਮੇਤ ਸਾਰੇ ਅਹਿਤਿਆਤੀ ਕਦਮਾਂ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਰਫਿਊ ਵਿੱਚ ਦਿੱਤੀ ਢਿੱਲ ਅਗਲੇ ਕੁਝ ਦਿਨਾਂ ਵਿੱਚ ਸਹੀ ਢੰਗ ਨਾਲ ਸ਼ੁਰੂ ਹੋ ਜਾਵੇਗੀ ਕਿਉਂਕਿ ਸਬੰਧਤ ਡਿਪਟੀ ਕਮਿਸ਼ਨਰ ਵਾਰੋ-ਵਾਰੀ ਚੋਣਵੀਆਂ ਦੁਕਾਨਾਂ ਖੋਲ੍ਹਣ ਲਈ ਇਲਾਕੇ ਅਨੁਸਾਰ ਆਪਣੀਆਂ ਯੋਜਨਾਵਾਂ ਤਿਆਰ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਡਾਕਟਰਾਂ ਅਤੇ ਮਾਹਿਰਾਂ ਵੱਲੋਂ ਦਿੱਤੀ ਸਲਾਹ/ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਲਈ ਕਿਹਾ ਤਾਂ ਜੋ ਇਸ ਨੂੰ ਕੰਟਰੋਲ ਕੀਤਾ ਜਾ ਸਕੇ।