WHO praises China: ਬੀਜਿੰਗ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਗਾਤਾਰ ਆਲੋਚਨਾ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਕੋਰੋਨਾ ਨਾਲ ਨਜਿੱਠਣ ਲਈ ਚੀਨ ਦੀ ਲਗਾਤਾਰ ਤਾਰੀਫ ਕਰ ਰਿਹਾ ਹੈ । WHO ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਚੀਨ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਬਾਕੀ ਦੁਨੀਆ ਨੂੰ ਵੀ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ । WHO ਨੇ ਕਿਹਾ ਕਿ ਵੁਹਾਨ ਦੇ ਹਾਲਾਤ ਬਹੁਤ ਖਰਾਬ ਸਨ, ਪਰੰਤੂ ਉੱਥੇ ਲਾਗ ਦਾ ਕਿਵੇਂ ਸਾਹਮਣਾ ਕੀਤਾ ਗਿਆ, ਵਿਸ਼ਵ ਇਸ ਤੋਂ ਸਿੱਖ ਸਕਦਾ ਹੈ ।
ਦਰਅਸਲ, WHO ਦੀ ਸਿਹਤ ਐਮਰਜੈਂਸੀ ਪ੍ਰੋਗਰਾਮ ਅਧਿਕਾਰੀ ਮਾਰੀਆ ਵਾਨ ਕੇਰਖੋਵੇ ਨੇ ਜਿਨੇਵਾ ਵਿੱਚ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵੁਹਾਨ ਵਿੱਚ ਕੋਵਿਡ-19 ਦਾ ਹੁਣ ਕੋਈ ਨਵਾਂ ਕੇਸ ਨਹੀਂ ਹੈ । ਉਸਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੋਈ ਗੰਭੀਰ ਮਾਮਲਾ ਨਹੀਂ ਹੈ, ਵੁਹਾਨ ਵਿੱਚ ਹੁਣ ਕੋਈ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੈ । ਉਸਨੇ ਕਿਹਾ ਕਿ ਦੁਨੀਆ ਨੇ ਚੀਨ ਤੋਂ ਸਿੱਖਿਆ ਹੈ ਅਤੇ ਸਾਨੂੰ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਉਪਾਅ ਹਟਾ ਰਹੇ ਹਨ, ਉਹ ਸਮਾਜ ਨੂੰ ਆਮ ਸਥਿਤੀ ਵਿੱਚ ਕਿਵੇਂ ਲਿਆ ਰਹੇ ਹਨ ।
ਜ਼ਿਕਰਯੋਗ ਹੈ ਕਿ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਨੂੰ ਖੁਦ ‘ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ । ਉਹਨਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸਿਹਤ ਇਕਾਈ ਨੂੰ ਚੀਨ ਦੀ ਲੋਕ ਸੰਪਰਕ ਏਜੰਸੀ ਕਰਾਰ ਦਿੱਤਾ ਸੀ । ਇਹ ਮਹਾਂਮਾਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਸੀ । ਕੋਰੋਨਾ ਵਾਇਰਸ ‘ਤੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਅਮਰੀਕਾ ਵਲੋਂ ਇਸ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਰੋਕ ਦਿੱਤਾ ਹੈ ।