The army saluted the fighters : ਭਾਰਤੀ ਫੌਜ ਵੱਲੋਂ ਅੱਜ ਐਤਵਾਰ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਹੇ ਯੋਧਿਆਂ ਨੂੰ ਸਲਾਮੀ ਦੇਣ ਦੇ ਉਦੇਸ਼ ਨਾਲ ਜਿਨ੍ਹਾਂ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਫ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਇਸ ਮੌਕੇ ਸਾਰੇ ਕੋਰੋਨਾ ਯੋਧਿਆਂ ਜਿਨ੍ਹਾਂ ਵਿਚ ਡਾਕਟਰ, ਨਰਸਾਂ, ਸਫ਼ਾਈ ਸੇਵਕ, ਪੁਲਿਸ, ਹੋਮ ਗਾਰਡ, ਡਿਲੀਵਰੀ ਬੁਆਏ ਅਤੇ ਮੀਡੀਆ ਸ਼ਾਮਲ ਹੈ, ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜੋਧੇ ਇਸ ਸਮੇਂ ਸਰਕਾਰ ਦਾ ਸੰਦੇਸ਼ ਆਮ ਜਨਤਾ ਤਕ ਪਹੁੰਚਾ ਰਹੀ ਹੈ ਕਿ ਮੁਸ਼ਕਲ ਸਮੇਂ ‘ਚ ਜਿੰਦਗੀ ਨੂੰ ਕਿਵੇਂ ਜਾਰੀ ਰੱਖਣਾ ਹੈ।
ਦੱਸਣਯੋਗ ਹੈ ਕਿ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਮੈਡੀਕਲ ਸਟਾਫ਼ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਧੰਨਵਾਦ ਕਰਨ ਲਈ ਸੰਗੀਤ ਦੇ ਸਾਜ਼ ਵਜਾਏ। ਫੌਜ ਵੱਲੋਂ ਡਾਕਟਰਾਂ ਨੂੰ ਤੋਹਫੇ ਵੀ ਦਿੱਤੇ ਗਏ ਤੇ ਉਨ੍ਹਾਂ ਨੂੰ ਸੈਲਿਊਟ ਕੀਤਾ ਗਿਆ ਗਿਆ। ਭਾਰਤੀ ਫ਼ੌਜ ਨੇ ਮੈਡੀਕਲ ਸਟਾਫ਼ ਮੁਲਾਜ਼ਮਾਂ ਨੂੰ ਮਠਿਆਈ ਦੇ ਡੱਬੇ ਵੀ ਦਿੱਤੇ। ਇਸ ਦੌਰਾਨ ਡਾਕਟਰ ਸਾਹਿਬਾਨਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਇੰਡੀਅਨ ਆਰਮੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪਟਿਆਲਾ ਵਿਚ ਵੀ ਸਰਕਾਰੀ ਮੈਡੀਕਲ ਕਾਲਜ ਵਿਖੇ ਕੋਰੋਨਾ ਮਹਾਂਮਾਰੀ ਵਿਰੁੱਧ ਫਰੰਟਲਾਈਨ ਉੱਤੇ ਲੜ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਡਾਕਟਰਾਂ ਨੂੰ ਭਾਰਤੀ ਫ਼ੌਜ ਦੇ ਬੈਂਡ ਵੱਲੋਂ ਸਲਾਮੀ ਦਿੱਤੀ।
ਮੋਹਾਲੀ ਦੇ ਫ਼ੇਜ਼-6 ਸਥਿੱਤ ਸਿਵਲ ਹਸਪਤਾਲ ਦੇ ਬਾਹਰ ਆਰਮੀ ਬੈਂਡ ਵੱਲੋਂ ਕੋਰੋਨਾ ਯੋਧਿਆਂ ਲਈ ਬੈਂਡ ਵਜਾ ਕੇ ਅਤੇ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਗਈ। ਸਿਵਲ ਹਸਪਤਾਲ ਪਠਾਨਕੋਟ ਦੇ ਬਾਹਰ ਵੀ ਫ਼ੌਜ ਬੈਂਡ ਨੇ ਬੈਂਡ ਵਜਾ ਕੇ ਕੋਰੋਨਾ ਯੋਧਿਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਤੋਂ ਇਲਾਵਾ ਪੰਚਕੂਲਾ ਦੇ ਸੈਕਟਰ-6 ਸਥਿੱਤ ਸਿਵਲ ਹਸਪਤਾਲ ਵਿਖੇ ਚੰਡੀਮੰਦਰ ਦੀ ਪੱਛਮੀ ਕਮਾਂਡ ਆਰਮੀ ਟੀਮ ਨੇ ਆਪਣੇ ਬੈਂਡ ਨਾਲ ਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕਰਨ ਲਈ ਸਲਾਮੀ ਦਿੱਤੀ। ਬੈਂਡ ਨੇ ਸਾਰੇ ਮੈਡੀਕਲ, ਪੁਲਿਸ ਅਤੇ ਹੋਰ ਸਟਾਫ਼ ਦਾ ਧੰਨਵਾਦ ਕੀਤਾ ਜੋ ਇਸ ਐਮਰਜੈਂਸੀ ‘ਚ ਫਰੰਟਲਾਈਨ ‘ਤੇ ਲੜ ਰਹੇ ਹਨ।