Zulqarnain Haider says: ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਕਾਰਨ ਤਿੰਨ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਹੈਦਰ ਨੇ ਉਮਰ ਅਕਮਲ ਉੱਤੇ ਬਹੁਤ ਗੰਭੀਰ ਦੋਸ਼ ਲਗਾਉਂਦਿਆਂ ਲਾਈਫ ਟਾਈਮ ਦੀ ਪਾਬੰਦੀ ਦੀ ਮੰਗ ਕੀਤੀ ਹੈ। ਹੈਦਰ ਨੇ ਦਾਅਵਾ ਕੀਤਾ ਹੈ ਕਿ ਉਮਰ ਅਕਮਲ ਦੀ ਧਮਕੀ ਕਾਰਨ ਉਸ ਨੂੰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਛੱਡਣੀ ਪਈ ਸੀ ਅਤੇ ਸਾਲ 2010 ਵਿੱਚ ਦੁਬਈ ਤੋਂ ਲੰਡਨ ਭੱਜਣਾ ਪਿਆ ਸੀ। ਹੈਦਰ ਨੇ ਦਾਅਵਾ ਕੀਤਾ ਹੈ ਕਿ ਉਹ ਉਮਰ ਅਕਮਲ ਕਾਰਨ ਦੁਬਈ ਤੋਂ ਲੰਡਨ ਭੱਜ ਗਿਆ ਸੀ। ਹੈਦਰ ਨੇ ਕਿਹਾ, ”ਮੇਰੇ ‘ਤੇ ਤੀਜੇ ਵਨਡੇ ‘ਚ ਪ੍ਰਦਰਸ਼ਨ ਨਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਮੈਂ ਇਹ ਗੱਲ ਨਹੀਂ ਮੰਨੀ, ਜਿਸ ਤੋਂ ਬਾਅਦ ਮੈਨੂੰ ਉਮਰ ਅਤੇ ਕੁੱਝ ਹੋਰ ਸਾਥੀਆਂ ਵੱਲੋਂ ਧਮਕੀ ਭਰੇ ਸੰਦੇਸ਼ ਆਉਣੇ ਸ਼ੁਰੂ ਹੋ ਗਏ।”
ਹੈਦਰ ਨੇ ਅੱਗੇ ਕਿਹਾ, “ਮੈਂ ਉਮਰ ਅਕਮਲ ਨੂੰ ਕਿਹਾ ਕਿ ਉਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।” ਪਰ ਇਸਦੇ ਬਾਅਦ, ਉਮਰ ਅਤੇ ਕੁੱਝ ਹੋਰ ਖਿਡਾਰੀਆਂ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਉੱਤੇ ਬਹੁਤ ਦਬਾਅ ਸੀ। ਮੈਂ ਕਿਸੇ ਨੂੰ ਦੱਸੇ ਬਿਨਾਂ ਲੰਡਨ ਜਾਣ ਦਾ ਫ਼ੈਸਲਾ ਕੀਤਾ।” ਇਸ ਕਦਮ ਦੇ ਕਾਰਨ, ਹੈਦਰ ਦਾ ਕੈਰੀਅਰ ਨਵੰਬਰ 2010 ਵਿੱਚ ਹੀ ਖ਼ਤਮ ਹੋ ਗਿਆ ਸੀ। ਹੈਦਰ ਨੇ ਕਿਹਾ ਕਿ ਉਮਰ ਅਕਮਲ ਉੱਤੇ ਲਗਾਈ ਤਿੰਨ ਸਾਲਾਂ ਦੀ ਪਾਬੰਦੀ ਬਹੁਤ ਘੱਟ ਹੈ। ਹੈਦਰ ਦਾ ਮੰਨਣਾ ਹੈ ਕਿ ਉਮਰ ਅਕਮਲ ਵਰਗੇ ਖਿਡਾਰੀ ‘ਤੇ ਉਮਰ ਕੈਦ ਦੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
2010 ਵਿੱਚ ਹੈਦਰ ਨੇ ਕਾਮਰਾਨ ਅਕਮਲ ਦੀ ਜਗ੍ਹਾ ਇਕਲੌਤਾ ਟੈਸਟ ਖੇਡਿਆ ਸੀ। ਇਸ ਟੈਸਟ ਮੈਚ ਵਿੱਚ ਹੈਦਰ ਨੇ 88 ਦੌੜਾਂ ਦੀ ਪਾਰੀ ਖੇਡੀ ਸੀ। ਹੈਦਰ ਸਾਲ 2011 ਵਿੱਚ ਪਾਕਿਸਤਾਨ ਪਰਤ ਆਇਆ ਸੀ, ਪਰ ਉਸਦਾ ਕ੍ਰਿਕਟ ਕਰੀਅਰ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ। ਪਾਕਿਸਤਾਨ ਦੀ ਟੀਮ ਦੇ ਉਸ ਵੇਲੇ ਦੇ ਮੈਨੇਜਰ ਆਲਮ ਨੇ ਹੈਦਰ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਸੀ। ਦੱਸ ਦੇਈਏ ਕਿ ਹਾਲ ਹੀ ਵਿੱਚ ਪੀਸੀਬੀ ਨੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਬਾਰੇ ਜਾਣਕਾਰੀ ਨਾ ਦੇਣ ਕਾਰਨ ਉਮਰ ਅਕਮਲ ਦੇ ਕ੍ਰਿਕਟ ਦੇ ਸਾਰੇ ਫਾਰਮੈਟਾਂ ‘ਚ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਹੈ।