Health Department issues advisory : ਨਵਾਂਸ਼ਹਿਰ ਵਿਖੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਢੋਆ ਢੁਆਈ ਵਾਲੇ ਵਾਹਨਾਂ ਅਤੇ ਇਨ੍ਹਾਂ ਵਾਹਨਾਂ ਤੇ ਕੰਮ ਕਰਨ ਵਾਲੇ ਡਰਾਇਵਰਾਂ/ਵਰਕਰਾਂ ਦੀ ਸਾਫ਼-ਸਫ਼ਾਈ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਵਿਨੈ ਬਬਲਾਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਮੱਦੇਨਜ਼ਰ ਲੋਕ ਹਿੱਤ ਵਿੱਚ ਲਗਾਏ ਕਰਫਿਊ ਕਾਰਨ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਉੱਤੇ ਸਖਤ ਪਾਬੰਦੀਆਂ ਲਗਾਈਆਂ ਹਨ। ਸਰਕਾਰ ਨੇ ਮੁਸ਼ਕਲਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਸ ਲਾਕਡਾਊਨ / ਕਰਫਿਊ ਦੌਰਾਨ ਮਾਲ ਢੋਣ ਵਾਲੀਆਂ ਗੱਡੀਆਂ ਨੂੰ ਚਲਾਉਣ ਸਮੇਤ ਜ਼ਰੂਰੀ ਕੰਮਾਂ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ। ਇਸ ਅਧੀਨ ਟਰਾਂਸਪੋਰਟਰਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ‘ਚ ਜਾਂ ਜ਼ਿਲ੍ਹੇ ਤੋਂ ਬਾਹਰ ਜਾਣ ਵਾਲੇ ਡਰਾਈਵਰਾਂ ਲਈ ਆਪਣੇ ਨਾਲ ਸਬੰਧਤ ਐਸਡੀਐਮ ਦਫ਼ਤਰ ਵਿਖੇ ਸੂਚਨਾ ਦੇਣੀ ਲਾਜ਼ਮੀ ਹੈ ਅਤੇ ਵਾਪਸੀ ‘ਤੇ ਫ਼ਿਰ ਸਬੰਧਤ ਪੁਲਿਸ ਨਾਕੇ/ਸੀ ਡੀ ਪੀ ਓ ਨੂੰ ਸੂਚਨਾ ਦੇ ਕੇ 14 ਦਿਨ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੈ। ਜਾਣ ਵਾਲਾ ਡਰਾਇਵਰ ਆਪਣੇ ਨਾਲ ਸਿਰਫ ਇੱਕ ਸਹਾਇਕ ਰੱਖ ਸਕਦਾ ਹੈ।
ਡੀਸੀ ਬਬਲਾਨੀ ਨੇ ਦੱਸਿਆ ਕਿ ਇਸ ਐਡਵਾਈਜ਼ਰੀ ਵਿਚ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਮਾਜਿਕ ਦੂਰੀ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਜੋ ਕਿ ਮਹਾਂਮਾਰੀ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈ। ਇੱਕ ਟਰੱਕ ਅਤੇ ਹੋਰ ਸਮਾਨ / ਕੈਰੀਅਰ ਵਾਹਨਾਂ ਨੂੰ ਡਰਾਈਵਿੰਗ ਲਾਇਸੈਂਸ ਹੋਲਡਰ ਸਮੇਤ ਇੱਕ ਸਹਾਇਕ ਨਾਲ ਚਲਾਉਣ ਦੀ ਇਜਾਜ਼ਤ ਹੈ। ਖਾਲੀ ਟਰੱਕ / ਵਾਹਨ ਨੂੰ ਵੀ ਮਾਲ ਦੀ ਡਿਲੀਵਰੀ ਤੋਂ ਬਾਅਦ ਜਾਂ ਮਾਲ ਚੁੱਕਣ ਲਈ ਆਉਣ ਜਾਣ ਦੀ ਆਗਿਆ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਅਤੇ ਉਸਦੇ ਸਹਾਇਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦੂਜੇ ਨੂੰ ਵਧਾਈ ਦੇਣ/ ਮਿਲਣ ਸਮੇਂ ਹੱਥ ਨਾ ਮਿਲਾਉਣ ਅਤੇ ਗਲਵੱਕੜੀ ਨਾ ਪਾਉਣ। ਟਰਾਂਸਪੋਰਟਰ / ਡਰਾਈਵਰ ਅਤੇ ਉਸਦੇ ਸਹਾਇਕ ਨੂੰ ਘਰੋਂ ਚੱਲਣ ਸਮੇਂ ਲੈ ਕੇ ਵਾਪਸ ਘਰ ਮੁੜਣ ਤੱਕ ਕੱਪੜੇ ਦਾ ਮਾਸਕ ਪਾਉਣਾ ਚਾਹੀਦਾ ਹੈ। ਮਾਸਕ ਸਾਰੀ ਯਾਤਰਾ ਦੌਰਾਨ ਪਹਿਨਿਆ ਜਾਵੇ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਵੀ ਢੱਕਿਆ ਹੋਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਵਰਤੋਂ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਟਰੱਕ ਆਪ੍ਰੇਟਰ ਸੰਸਥਾਵਾਂ/ਐਸੋਸੀਏਸ਼ਨ ਆਦਿ ਨੂੰ ਟਰੱਕਾਂ/ਮਾਲ ਕੈਰੀਅਰਾਂ ਦੇ ਪਾਰਕਿੰਗ ਸਟੇਸ਼ਨਾਂ ’ਤੇ ਪੈਰ ਨਾਲ ਚੱਲਣ ਵਾਲੀਆਂ ਹੱਥ ਧੋਣ ਦੀਆਂ ਮਸ਼ੀਨਾਂ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਹੱਥ ਧੋਣ ਵਾਲੀਆਂ ਮਸ਼ੀਨਾ ਦੇ ਅੱਗੇ ਨਿਰਧਾਰਤ ਦੂਰੀ ਮੁਤਾਬਕ ਚੱਕਰ ਲਗਾਏ ਜਾਣ ਤਾਂ ਜੋ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾ ਸਕੇ।