Martyred Colonel Ashutosh Sharma: ਜੈਪੁਰ: ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ ਨੂੰ ਮੰਗਲਵਾਰ ਭਾਵ ਅੱਜ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ । ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬੀਜੇਪੀ ਨੇਤਾ ਮੇਜਰ ਰਾਜ ਵਰਧਨ ਸਿੰਘ ਰਾਠੌਰ ਵੀ ਮੌਜੂਦ ਰਹੇ। ਆਰਮੀ ਬੈਂਡ ਨਾਲ ਕਰਨਲ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ । ਦੱਸ ਦੇਈਏ ਕਿ ਐਤਵਾਰ ਨੂੰ ਕਰਨਲ ਆਸ਼ੂਤੋਸ਼ ਅੱਤਵਾਦੀਆਂ ਵਿਰੁੱਧ ਹੰਦਵਾੜਾ ਵਿੱਚ ਆਪਰੇਸਨ ਲੀਡ ਕਰ ਰਹੇ ਸਨ ਤੇ ਇਸੇ ਵਿਚ ਉਹ ਲੜਦੇ ਹੋਏ ਸ਼ਹੀਦ ਹੋ ਗਏ ।
ਆਸ਼ੂਤੋਸ਼ ਦੀ ਦਿਲੇਰੀ ਦੇ ਕਿੱਸੇ ਸੁਣ ਕੇ ਅੱਜ ਪੂਰਾ ਹਿੰਦੁਸਤਾਨ ਉਨ੍ਹਾਂ ‘ਤੇ ਮਾਣ ਕਰ ਰਿਹਾ ਹੈ । ਕਰਨਲ ਦੀ ਸ਼ਹਾਦਤ ‘ਤੇ ਕਈ ਅੱਖਾਂ ਨਮ ਹਨ, ਪਰ ਕਰਨਲ ਦੇ ਪਰਿਵਾਰ ਦੀ ਦਿਲੇਰੀ ਪੂਰੇ ਦੇਸ਼ ਲਈ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਨਾ ਮਾਂ ਅਤੇ ਨਾ ਹੀ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਹਨ ਅਤੇ ਨਾ ਹੀ ਉਨ੍ਹਾਂ ਦੀ ਧੀ ਰੋ ਰਹੀ ਹੈ, ਸਗੋਂ ਕਿ ਉਨ੍ਹਾਂ ਨੂੰ ਆਪਣੇ ਕਰਨਲ ਬੇਟੇ, ਆਪਣੇ ਕਰਨਲ ਪਤੀ, ਆਪਣੇ ਕਰਨਲ ਪਿਤਾ ‘ਤੇ ਮਾਣ ਹੈ । ਇਸ ਸਬੰਧੀ ਸ਼ਹੀਦ ਦੀ ਪਤਨੀ ਪੱਲਵੀ ਸ਼ਰਮਾ ਨੇ ਕਿਹਾ ਕਿ ਮੈਂ ਇਸ ਸਮੇਂ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਸੁਣ ਰਹੀ ਹਾਂ । ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਹਨ। ਮੈਨੂੰ ਉਨ੍ਹਾਂ ‘ਤੇ ਮਾਣ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਨ੍ਹਾਂ ਦੀ ਪਤਨੀ ਹਾਂ ।
ਦੱਸ ਦਈਏ ਕਿ ਕਰਨਲ ਆਸ਼ੂਤੋਸ਼ ਨੂੰ ਦੋ ਵਾਰ ਕਸ਼ਮੀਰ ਵਿੱਚ ਆਪ੍ਰੇਸ਼ਨ ਲਈ ਆਰਮੀ ਮੈਡਲ ਮਿਲਿਆ ਸੀ । ਪਿਛਲੇ ਸਾਲ ਸਿਰਫ ਇਕ ਤਮਗਾ ਪ੍ਰਾਪਤ ਹੋਇਆ ਸੀ. ਕਸ਼ਮੀਰ ਵਿੱਚ ਉਨ੍ਹਾਂ ਨੂੰ ‘ਟਾਈਗਰ’ ਵਜੋਂ ਜਾਣਿਆ ਜਾਂਦਾ ਸੀ. ਮੇਜਰ ਅਨੁਜ ਨੇ ਵੀ ਆਪਣੀ ਆਖਰੀ ਇੰਸਟਾ ਪੋਸਟ ਵਿੱਚ ਲਿਖਿਆ ਸੀ ਕਿ ਜਿਵੇਂ-ਜਿਵੇਂ ਤੁਸੀਂ ਉਮਰ ਵਿੱਚ ਵੱਧਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਬਹਾਦਰੀ ਅਤੇ ਵੱਕਾਰ ਤੋਂ ਵੱਡਾ ਕੁਝ ਵੀ ਨਹੀਂ … ਜੇ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਤੁਸੀਂ ਬੂਟ ‘ਤੇ ਲੱਗੀ ਮਿੱਟੀ ਦੀ ਤਰ੍ਹਾਂ ਹੋ। “
ਜ਼ਿਕਰਯੋਗ ਹੈ ਕਿ ਬੀਤੀ 3 ਮਈ ਨੂੰ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿੱਚ ਕਰਨਲ, ਇੱਕ ਮੇਜਰ, ਇੱਕ ਪੁਲਿਸ ਅਧਿਕਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ । ਸ਼ਹੀਦ ਹੋਣ ਵਾਲਿਆਂ ਵਿਚੋਂ ਇੱਕ ਜੰਮੂ-ਕਸ਼ਮੀਰ ਪੁਲਿਸ ਦਾ ਵੀ ਅਧਿਕਾਰੀ ਸ਼ਾਮਿਲ ਸੀ।