Confusion caused by : ਆਏ ਦਿਨ ਸਿਹਤ ਵਿਭਾਗ ਵਲੋਂ ਕੋਈ ਨਾ ਕੋਈ ਲਾਪ੍ਰਵਾਹੀ ਦਾ ਕੇਸ ਸਾਹਮਣੇ ਆ ਜਾਂਦਾ ਹੈ। ਅਜਿਹੀ ਹੀ ਲਾਪ੍ਰਵਾਹੀ ਦੀ ਘਟਨਾ ਬਰਨਾਲਾ ਵਿਖੇ ਦੇਖਣ ਨੂੰ ਮਿਲੀ ਹੈ। ਪਿਛਲੇ ਦਿਨੀਂ ਹਜੂਰ ਸਾਹਿਬ ਤੋਂ ਬਹੁਤ ਸਾਰੇ ਸ਼ਰਧਾਲੂ ਵਾਪਸ ਸਨ ਇਨ੍ਹਾਂ ਦੀਆਂ ਰਿਪੋਰਟਾਂ ਟੈਸਟ ਲਈ ਲੈਬ ਵਿਚ ਭੇਜੀਆਂ ਗਈਆਂ ਹਨ। ਅੱਜ ਰਿਪੋਰਟ ਆਉਣ ’ਤੇ ਉਨ੍ਹਾਂ ਵਿਚੋਂ 15 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ।
ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਦੂਨਾ ਦੀ ਰਿਪੋਰਟ ਪਾਜੀਟਿਵ ਆਈ ਸੀ ਪਰ ਉਸ ਦੀ ਜਗ੍ਹਾ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਕੋਟਦੂਨਾ ਨੂੰ ਆਈਸੋਲੇਸ਼ਨ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ। ਤੇ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਸੰਘੇੜਾ ਕਾਲਜ ਵਿਚ ਕੁਆਰੰਟਾਈਨ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਨੂੰ ਇਕੱਠੇ ਹੀ ਕੁਆਰੰਟਾਈਨ ਵਿਚ ਰੱਖਿਆ ਗਿਆ ਸੀ। 3 ਮਈ ਨੂੰ ਸੰਘੇੜਾ ਕਾਲਜ ਵਿਚੋਂ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਨੂੰ ਐਂਬੂਲੈਂਸ ਰਾਹੀਂ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਗਲਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰ ਦਿੱਤਾ ਗਿਆ ਹੈ ਤੇ ਕੁਲਦੀਪ ਸਿੰਘ ਸੁਖਦੇਵ ਸਿੰਘ ਨੂੰ ਤੁਰੰਤ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਮੁਖੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਤੇ ਜਦੋਂ ਹਸਪਤਾਲ ਦੇ SMO ਜੋਤੀ ਕੌਸ਼ਲ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੇ ਹਸਪਤਾਲ ਵਿਚ ਦੋ ਵਾਰਡ ਬਣਾਏ ਹਨ। ਇਕ ਵਾਰਡ ਵਿਚ ਸ਼ੱਕੀ ਮਰੀਜਾਂ ਨੂੰ ਰੱਖਿਆ ਜਾਂਦਾ ਹੈ ਤੇ ਦੂਜੇ ਵਾਰਡ ਵਿਚ ਉਨ੍ਹਾਂ ਮਰੀਜਾਂ ਨੂੰ ਰੱਖਿਆ ਜਾ ਰਿਹਾ ਹੈ ਜਿਨ੍ਹਾਂ ਦੀ ਰਿਪੋਰਟ ਪਾਜੀਟਿਵ ਆ ਰਹੀ ਹੈ। ਸਿਹਤ ਵਿਭਾਗ ਦੀ ਇਸ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਦੇਖ ਕੇ ਲੱਗਦਾ ਹੈ ਕਿ ਮਰੀਜਾਂ ਦਾ ਤਾਂ ਰੱਬ ਹੀ ਰਾਖਾ ਹੈ। ਹਸਪਤਾਲ ਵਲੋਂ ਕੀਤੀ ਗਈ ਲਾਪ੍ਰਵਾਹੀ ਦਾ ਖਮਿਆਜਾ ਮਰੀਜ਼ ਨੂੰ ਭੁਗਤਣਾ ਪੈ ਰਿਹਾ ਹੈ।