Family members of fellow gangsters : ਕਲ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬਧਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਜੋ ਕਿ ਪਟਿਆਲਾ ਜੇਲ੍ਹ ਵਿਚ ਬੰਦ ਹੈ, ਦੀ ਰਿਪੋਰਟ ਪਾਜੀਟਿਵ ਆਈ ਨਾਲ ਪਟਿਆਲਾ ਜੇਲ ਵਿਚ ਦਹਿਸ਼ਤ ਵਾਲਾ ਮਾਹੌਲ ਹੈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਜਲਦੀ ਹੀ ਸਿਹਤ ਵਿਭਾਗ ਵਲੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਤੇ ਲਗਭਗ 15 ਵਿਅਕਤੀਆਂ ਦੀ ਸੈਂਪਲਿੰਗ ਵੀ ਕੀਤੀ ਗਈ। ਜੱਗੂ ਨੂੰ 2ਮਈ ਨੂੰ ਢਿੱਲਵਾਂ ਸਰਪੰਚ ਕਤਲ ਕਾਂਡ ਦੇ ਮਾਮਲੇ ਵਿਚ ਪਟਿਆਲਾ ਜੇਲ੍ਹ ਤੋਂ ਬਟਾਲਾ ਲੈ ਕੇ ਆਈ ਸੀ ਅਤੇ ਉਸ ਦੇ ਕੋਰੋਨਾ ਦੇ ਸੈਂਪਲ ਲਏ ਗਏ ਸਨ।
ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਬਾਕੀ ਗੈਂਗਸਟਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਚ ਵੀ ਖੌਫ ਦਾ ਮਾਹੌਲ ਹੈ। ਗੈਂਗਸਟਰ ਸਾਰਾਜ ਮੰਟੂ, ਬੌਬੀ ਮਲਹੋਤਰਾ ਤੇ ਰਾਜਾ ਕੰਨਵੱਢੀਆ ਗੈਂਗਸਟਰਾਂ ਦੇ ਪਰਿਵਾਰਾਂ ਵਲੋਂ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਕਿ ਕੋਰੋਨਾ ਦੀ ਮਾਰ ਹੇਠ ਸਾਜਿਸ਼ ਰਚੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਵੇ ਕਿਉਂਕਿ ਉਥੇ ਇਕ ਬੈਰਕ ਵਿਚ 100-100 ਵਿਅਕਤੀ ਇਕੱਠੇ ਬੰਦ ਹੁੰਦੇ ਹਨ ਜਿਸ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਵਧ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਥੋੜ੍ਹੀ ਦੇਰ ਲਈ ਉਨ੍ਹਾਂ ਦੇ ਬੱਚਿਆਂ ਨੂੰ ਪੈਰੋਲ ਦੇ ਦਿੱਤੀ ਜਾਵੇ ਤੇ ਜਦੋਂ ਹਾਲਾਤ ਸਾਧਾਰਨ ਹੋ ਜਾਣ ਤਾਂ ਦੁਬਾਰਾ ਜੇਲ ਭੇਜ ਦਿੱਤੇ ਜਾਣ।
ਜੱਗੂ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਜਾਣਬੁਝ ਕੇ ਉਸ ਦੀ ਰਿਪੋਰਟ ਪਾਜੀਟਿਵ ਦਿਖਾਈ ਗਈ ਹੈ ਕਿਉਂਕਿ ਜੇਲ ਵਿਚ ਕਿਸੇ ਹੋਰ ਨੂੰ ਕੋਰੋਨਾ ਨਹੀਂ ਹੋਇਆ। ਜੱਗੂ ਦੀ ਮਾਤਾ ਦਾ ਕਹਿਣਾ ਹੈ ਕਿ ਇਹ ਸਰਕਾਰ ਵਲੋਂ ਰਚੀ ਗਈ ਕੋਈ ਸਾਜਿਸ਼ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਆਦਾਤਰ ਕੇਸਾਂ ਦੀ ਸੁਣਵਾਈ ਕੋਰੋਨਾ ਵਾਇਰਸ ਕਾਰਨ ਵੀਡੀਓ ਕਾਨਫਰਸਿੰਗ ਰਾਹੀਂ ਹੋ ਰਹੀ ਹੈ ਤੇ ਅਜਿਹੀ ਹਾਲਤ ਵਿਚ ਜੱਗੂ ਭਗਵਾਨਪੁਰੀਆ ਨੂੰ ਜੇਲ ਤੋਂ ਬਾਹਰ ਕਿਉਂ ਲਿਆਇਆ ਗਿਆ। ਪੰਜਾਬ ਵਿਚ ਪਹਿਲਾਂ ਹੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਤੇ ਗੈਂਗਸਟਰ ਜੱਗੂ ਦੇ ਪਾਜੀਟਿਵ ਆਉਣ ਨਾਲ ਜੇਲ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ ਹੈ।