Congress asks Modi govt: ਨਵੀਂ ਦਿੱਲੀ: ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ । ਇਸ ਬੈਠਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਬਹੁਤ ਸਾਰੇ ਆਗੂ ਇਸ ਬੈਠਕ ਵਿੱਚ ਮੌਜੂਦ ਹਨ । ਇਸ ਦੌਰਾਨ ਸੋਨੀਆ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਸੋਨੀਆ ਗਾਂਧੀ ਨੇ ਕਿਹਾ ਕਿ 17 ਮਈ ਤੋਂ ਬਾਅਦ ਕੀ? 17 ਮਈ ਤੋਂ ਬਾਅਦ ਕਿਵੇਂ? ਮੋਦੀ ਸਰਕਾਰ ਕੋਲ ਲਾਕਡਾਊਨ ਨੂੰ ਲੈ ਕੇ ਅੱਗੇ ਦੀ ਰਣਨੀਤੀ ਕੀ ਹੈ?
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਵਿਡ ਨਾਲ ਲੜਾਈ ਵਿੱਚ ਬਜ਼ੁਰਗਾਂ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਬਚਾਉਣਾ ਮਹੱਤਵਪੂਰਨ ਹੈ । ਇਸ ਦੇ ਨਾਲ ਹੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਰਾਜਾਂ ਦੇ ਸਾਹਮਣੇ ਵਿੱਤੀ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ, ਕੇਂਦਰ ਸਰਕਾਰ ਵੱਲੋਂ ਕੋਈ ਫੰਡ ਨਹੀਂ ਅਲਾਟ ਕੀਤੇ ਜਾ ਰਹੇ ਹਨ । ਦਰਅਸਲ,ਇਸ ਬੈਠਕ ਵਿੱਚ ਰਾਜਸਥਾਨ, ਪੰਜਾਬ, ਛੱਤੀਸਗੜ੍ਹ ਅਤੇ ਪੁਡੂਚੇਰੀ ਦੇ ਮੁੱਖ ਮੰਤਰੀਆਂ ਨੇ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ ਹੈ ।
ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਅਤੇ ਪੁਡੂਚੇਰੀ ਦੇ ਸੀਐਮ ਨਾਰਾਇਣਸਾਮੀ ਨੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਇਸ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ, ‘ਜਿਵੇਂ ਕਿ ਸੋਨੀਆ ਜੀ ਕਹਿ ਰਹੇ ਹਨ ਕਿ ਲਾਕਡਾਊਨ 3.0 ਤੋਂ ਬਾਅਦ ਕੀ? ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਸਰਕਾਰ ਕੋਲ ਅੱਗੇ ਦੀ ਕੀ ਯੋਜਨਾ ਹੈ । ਰਾਜਾਂ ਦੇ ਮੁੱਖ ਮੰਤਰੀਆਂ ਨੂੰ ਲਾਕਡਾਊਨ ਦੇ ਤੀਜੇ ਪੜਾਅ ਤੋਂ ਬਾਅਦ ਰਣਨੀਤੀ ਦਾ ਪਤਾ ਹੋਣਾ ਚਾਹੀਦਾ ਹੈ ।