Prof Neil Ferguson resigns: ਲੰਡਨ: ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਬ੍ਰਿਟੇਨ ਦੇ ਟਾਪ ਕੋਰੋਨਾ ਵਿਗਿਆਨੀ ਨੂੰ ਲਾਕਡਾਊਨ ਤੋੜਨਾ ਭਾਰੀ ਪੈ ਗਿਆ ਅਤੇ ਅਸਤੀਫਾ ਦੇਣਾ ਪਿਆ । ਦਰਅਸਲ, ਬ੍ਰਿਟਿਸ਼ ਵਿਗਿਆਨੀ ਨੀਲ ਫਰਗਸਨ ਨੇ ਆਪਣੀ ਗਰਲਫ੍ਰੈਂਡ ਨੂੰ ਮਿਲਣ ਲਈ ਲਾਕਡਾਊਨ ਤੋੜਿਆ ਸੀ । ਨੀਲ ਫਰਗਸਨ ਨੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਤੁਰੰਤ ਲਾਕਡਾਊਨ ਲਗਾਉਣ ਦੀ ਸਲਾਹ ਦਿੱਤੀ ਸੀ । ਕੋਰੋਨਾ ਨਾਲ ਲੜਨ ਲਈ ਦੁਨੀਆ ਨੂੰ ਸਮਾਜਿਕ ਦੂਰੀ ਦੀ ਸਲਾਹ ਦੇਣ ਵਾਲੇ ਨੀਲ ਨੇ ਆਪਣੇ ਘਰ ਵਿੱਚ ਵਿਆਹੁਤਾ ਗਰਲਫ੍ਰੈਂਡ ਨੂੰ ਆਉਣ ਦੀ ਇਜਾਜ਼ਤ ਦਿੱਤੀ ।
ਬ੍ਰਿਟਿਸ਼ ਅਖਬਰ ਦ ਟੈਲੀਗ੍ਰਾਫ ਅਨੁਸਾਰ ਲਾਕਡਾਊਨ ਦੇ ਨਿਯਮਾਂ ਨੂੰ ਤੋੜਨ ਦੇ ਕਾਰਨ ਹੁਣ ਨੀਲ ਨੂੰ ਅਸਤੀਫਾ ਦੇਣਾ ਪਿਆ ਹੈ । ਦੱਸਿਆ ਜਾ ਰਿਹਾ ਹੈ ਕਿ ਨੀਲ ਦੀ ਗਰਲਫ੍ਰੈਂਡ ਵਿਆਹੁਤਾ ਹੈ ਅਤੇ ਉਹ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਕਿਸੇ ਹੋਰ ਘਰ ਵਿੱਚ ਰਹਿੰਦੀ ਹੈ । ਮਹਾਂਮਾਰੀ ਫੈਲਾਉਣ ਵਾਲੇ ਰੋਗਾਂ ਦੇ ਮਾਹਿਰ ਨੀਲ ਲੰਡਨ ਦੇ ਇੰਪੀਰੀਅਲ ਕਾਲਜ ਵਿੱਚ ਕੰਪਿਊਟਰ ਆਧਾਰਿਤ ਮਾਡਲ ਬਣਾਉਣ ਵਾਲੀ ਟੀਮ ਦੇ ਲੀਡਰ ਸਨ । ਇਸੇ ਮਾਡਲ ਦੇ ਆਧਾਰ ‘ਤੇ ਬ੍ਰਿਟੇਨ ਵਿੱਚ ਲਾਕਡਾਊਨ ਲਗਾਇਆ ਗਿਆ ਸੀ ।
ਦੇਸ਼ ਵਿੱਚ ਵੱਧ ਰਹੇ ਕੋਰੋਨਾ ਸੰਕਟ ਵਿਚਾਲੇ ਨੀਲ ਅਤੇ ਉਹਨਾਂ ਦੀ ਟੀਮ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਲਾਕਡਾਊਨ ਨਾ ਲਗਾਇਆ ਗਿਆ ਤਾਂ ਬ੍ਰਿਟੇਨ ਵਿੱਚ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ । ਜਿਸ ਤੋਂ ਬਾਅਦ ਪੀ.ਐੱਮ. ਜਾਨਸਨ ਨੇ 23 ਮਾਰਚ ਨੂੰ ਦੇਸ਼ ਵਿੱਚ ਲਾਕਡਾਊਨ ਦਾ ਐਲਾਨ ਕੇ ਦਿੱਤਾ ਸੀ । ਇਸ ਐਲਾਨ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਲੋਕ ਆਪਣੇ ਪਾਰਟਨਰ ਤੋਂ ਵੱਖ ਰਹਿੰਦੇ ਹਨ, ਉਹ ਇਕ-ਦੂਜੇ ਨੂੰ ਨਹੀਂ ਮਿਲ ਸਕਦੇ । ਇਸ ਨਿਯਮ ਦੀ ਉਲੰਘਣਾ ਦੇ ਅਪਰਾਧ ਨੂੰ ਨੀਲ ਨੇ ਸਵੀਕਾਰ ਕਰ ਲਿਆ ਹੈ ਅਤੇ ਕਿਹਾ ਹੈ ਕਿ ਉਹ ਵਿਗਿਆਨਕ ਸਲਾਹ ਗਰੁੱਪ ਤੋਂ ਅਸਤੀਫਾ ਦੇ ਰਹੇ ਹਨ । ਦੱਸ ਦੇਈਏ ਕਿ ਬ੍ਰਿਟੇਨ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 32,375 ਹੋ ਗਈ ਹੈ । ਇਸ ਦੇ ਨਾਲ ਹੀ ਬ੍ਰਿਟੇਨ ਯੂਰਪ ਵਿੱਚ ਇਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਗਿਆ ਹੈ ।