ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰੂ ਨਾਨਕ ਮਿਸ਼ਨ ਦੇ ਸਟਾਫ ਮੈਂਬਰ 56 ਸਾਲਾ ਅਮਰੀਕ ਸਿੰਘ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬੁੱਧਵਾਰ ਨੂੰ ਮਿਲੇ ਇਸ ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਨੂੰ ਮਿਲਾ ਕੇ ਹੁਣ ਤੱਕ ਜਲੰਧਰ ਦੇ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 137 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 12 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਨਾਲ ਜ਼ਿਲੇ ਵਿਚ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਜਲੰਧਰ ਵਿਚ ਅੱਜ ਹੀ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਨੇ ਪੀਜੀਆਈ ਵਿਚ ਦਮ ਤੋੜ ਦਿੱਤਾ ਹੈ। ਮ੍ਰਿਤਕ ਵਿਅਕਤੀ ਚੰਡੀਗੜ੍ਹ ਦੇ ਪੀਜੀਆਈ ਵਿਚ ਕਾਫੀ ਸਮੇਂ ਤੋਂ ਦਾਖਲ ਸੀ ਅਤੇ ਉਸ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਸੀ। ਇਲਾਜ ਦੌਰਾਨ ਉਸ ਦੇ ਕੋਰੋਨਾ ਟੈਸਟਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਸ ਮੌਤ ਨਾਲ ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤੱਕ ਸੂਬੇ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 1531 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚ ਵਧੇਰੇ ਮਰੀਜ਼ ਸ੍ਰੀ ਨਾਂਦੇਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ’ਚ ਹੀ ਸ਼ਾਮਲ ਸਨ।