WHO reported 80000 cases: ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਕੋਵਿਡ-19 ਇਨਫੈਕਸ਼ਨ ਦੇ ਰੋਜ਼ਾਨਾ ਔਸਤਨ 80 ਹਜ਼ਾਰ ਮਾਮਲੇ ਸਾਹਮਣੇ ਆਏ ਹਨ । ਉਸ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਜਿਹੇ ਦੱਖਣ ਏਸ਼ੀਆਈ ਦੇਸ਼ਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ, ਜਦਕਿ ਪੱਛਮੀ ਯੂਰਪ ਜਿਹੇ ਖੇਤਰਾਂ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਰਹੀ ਹੈ ।
ਵਿਸ਼ਵ ਸਿਹਤ ਸੰਗਠਨ ਨੇ ਡਾਇਰੈਕਟਰ ਜਨਰਲ ਟ੍ਰੇਡੋਸ ਅਧਨੋਮ ਗੇਬ੍ਰੇਯੇਸਸ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਬਾਹਰ ਤੋਂ ਆਉਣ ਵਾਲੀ ਬੀਮਾਰੀ ਦੇ ਹਰ ਤਰ੍ਹਾਂ ਦੇ ਖਤਰੇ ਨਾਲ ਨਿਪਟਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਤੇ ਭਾਈਚਾਰਿਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਹਾਲਾਤ ਵਿੱਚ ਆਏ ਇਸ ਬਦਲਾਅ ਦੇ ਅਨੁਕੂਲ ਕਿਵੇਂ ਢਲਣਾ ਹੈ । ਉਨ੍ਹਾਂ ਨੇ ਜਿਨੇਵਾ ਵਿੱਚ ਬੁੱਧਵਾਰ ਨੂੰ ਦੱਸਿਆ ਕਿ ਸੰਗਠਨ ਅਨੁਸਾਰ ਕੋਵਿਡ-19 ਨਾਲ 35 ਲੱਖ ਤੋਂ ਵਧੇਰੇ ਲੋਕ ਪੀੜਤ ਹੋਏ ਹਨ ਤੇ 2.5 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਗਈ ਹੈ ।
ਅਪ੍ਰੈਲ ਦੀ ਸ਼ੁਰੂਆਤ ਤੋਂ ਰੋਜ਼ਾਨਾ 80 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ । WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਨਫੈਕਸ਼ਨ ਦਾ ਹਰ ਮਾਮਲਾ ਸਿਰਫ ਇੱਕ ਗਿਣਤੀ ਨਹੀਂ ਹੈ, ਇਨਫੈਕਟਿਡ ਹੋਇਆ ਹਰ ਵਿਅਕਤੀ ਇੱਕ ਮਾਂ, ਇੱਕ ਪਿਤਾ, ਇੱਕ ਬੇਟਾ, ਇੱਕ ਬੇਟੀ, ਇੱਕ ਭਰਾ, ਇੱਕ ਭੈਣ ਜਾਂ ਇੱਕ ਦੋਸਤ ਵੀ ਹੈ । ਉਨ੍ਹਾਂ ਕਿਹਾ ਕਿ ਪੱਛਮੀ ਯੂਰਪ ਵਿੱਚ ਪੀੜਤ ਹੋ ਰਹੇ ਲੋਕਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ, ਪਰ ਪੂਰਬੀ ਯੂਰਪ, ਅਫਰੀਕਾ, ਦੱਖਣ-ਪੂਰਬੀ ਏਸ਼ੀਆ, ਪੂਰਬੀ ਭੂ-ਮੱਧਸਾਗਰ ਤੇ ਉੱਤਰ ਅਮਰੀਕਾ ਤੇ ਦੱਖਣੀ ਅਮਰੀਕਾ ਵਿੱਚ ਮਾਮਲੇ ਵਧ ਰਹੇ ਹਨ ।
ਉਨ੍ਹਾਂ ਕਿਹਾ ਕਿ ਜਾਂਚ ਦੀ ਗਿਣਤੀ ਵਧਣ ਨਾਲ ਵੀ ਪੀੜਤਾਂ ਦੇ ਮਾਮਲੇ ਸਾਹਮਣੇ ਆਉਣ ਦੀ ਗਿਣਤੀ ਵੱਧ ਰਹੀ ਹੈ । ਉਨ੍ਹਾਂ ਕਿਹਾ ਕਿ ਦੱਖਣ-ਪੂਰਬੀ, ਪੱਛਮੀ ਪ੍ਰਸ਼ਾਂਤ ਖੇਤਰਾਂ ਵਿੱਚ ਗਿਣਤੀ ਡਿੱਗਦੀ ਦਿੱਖ ਰਹੀ ਹੈ, ਪਰ ਦੱਖਣੀ ਏਸ਼ੀਆਂ ਵਿੱਚ ਭਾਰਤ ਤੇ ਬੰਗਲਾਦੇਸ਼ ਵਿੱਚ ਇਹ ਵਧਦੀ ਲੱਗ ਰਹੀ ਹੈ ।