Rana Gurjit took unique initiative : ਕੋਵਿਡ-19 ਦੇ ਇਸ ਸੰਕਟ ਦੇ ਚੱਲਦਿਆਂ ਸੈਨੇਟਾਈਜ਼ੇਸ਼ਨ ਮੁਹਿੰਮ ਵਿਚ ਪੂਰੇ ਸੂਬੇ ਲਈ ਮਿਸਾਲ ਬਣੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਕ ਹੋਰ ਨਿਵੇਕਲਾ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਅਧੀਨ ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਲੜੀ ਜਾ ਰਹੀ ਜੰਗ ਦੌਰਾਨ ਉਸ ਦੀ ਮਦਦ ਦਾ ਐਲਾਨ ਕੀਤਾ ਹੈ। ਬੀਤੇ ਦਿਨ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਇਸ ਗੱਲ ਦਾ ਖੁਲਾਸਾ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦੀ ਜੰਗ ਵਿਚ ਫੰਰਟ ਲਾਈਨ ’ਤੇ ਜੁਟੇ ਹੋਏ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦੀ ਮਦਦ ਕਰਨਾ ਸਮੇਂ ਦੀ ਲੋੜ ਹੈ। ਇਸੇ ਲਈ ਉਨ੍ਹਾਂ ਵੱਲੋਂ ਆਪਣੇ ਨੌਜਵਾਨ ਵਾਲੰਟੀਅਰ ਸਮੇਤ ਇਸ ਨੇਕ ਕਾਰਜ ਵਿਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਅਧੀਨ 10 ਵਾਲੰਟੀਅਰ ਲਗਾਤਾਰ 15 ਦਿਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਸੇਵਾ ਵਿਚ ਯਾਪਣਾ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਖੁਦ ਵੀ ਦੋ-ਤਿੰਨ ਘੰਟੇ ਇਥੇ ਸ਼੍ਰਮਦਾਨ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਸਟਾਫ ਦੀ ਸਹਾਇਤਾ ਲਈ 300 ਦੇ ਲਗਭਗ ਵਾਲੰਟੀਅਰ ਤਿਆਰ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਸਟਾਫ ਦੇ ਸਹਾਇਕਾਂ ਵੱਲੋਂ ਇਨ੍ਹਾਂ ਵਾਲੰਟੀਅਰਾਂ ਨੂੰ ਇਸ ਕੰਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ 15 ਦਿਨਾਂ ਬਾਅਦ ਨਵੇਂ ਵਾਲੰਟੀਅਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਵਾਲੰਟੀਅਰਾਂ ਵੱਲੋਂ ਫਲੂ ਕਾਰਨਰ ਅਤੇ ਲੈਬਾਂ ਵਿਚ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ ਹੈ ਅਤੇ ਇਸ ਦੌਰਾਨ ਇਨ੍ਹਾਂ ਵੱਲੋਂ ਮਰੀਜ਼ਾਂ ਵਿਚਾਲੇ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਉਣ, ਟ੍ਰੈਫਿਕ ਕੰਟਰੋਲ ਕਰਨ, ਮਰੀਜ਼ਾਂ ਦੀ ਹੋਰਨਾਂ ਵਾਰਡਾਂ ਵਿਚ ਸ਼ਿਫਟਿੰਗ ਤੋਂ ਇਲਾਵਾ ਦਵਾਈਆਂ, ਚਾਦਰਾਂ ਅਤੇ ਹੋਰ ਸਾਮਾਨ ਆਦਿ ਉਪਰਲੀਆਂ ਮੰਜ਼ਿਲਾਂ ’ਤੇ ਪਹੁੰਚਾਉਣ ਵਿਚ ਮੈਡੀਕਲ ਸਟਾਫ ਦੀ ਸਹਾਇਤਾ ਕੀਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਵਾਲੰਟੀਅਰਾਂ ਵੱਲੋਂ ਹਸਪਤਾਲ ਦੀ ਸਾਫ-ਸਪਾਈ ਦਾ ਜ਼ਿੰਮਾ ਵੀ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਬਿਹਤਰੀ ਲਈ ਸਭ ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਜਾਰੀ ਹਿਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਫਿਊ ਵਿਚ ਦਿੱਤੀ ਗਈ ਢਿੱਲ ਦਾ ਨਾਜਾਇਜ਼ ਪਾਇਦਾ ਨਾ ਚੁੱਕਦੇ ਹੋਏ ਪੂਰੇ ਜ਼ਾਬਤੇ ਵਿਚ ਰਹਿ ਕੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਸੋਸ਼ਲ ਡਿਸਟੈਂਸਿੰਗ, ਟ੍ਰੈਫਿਕ ਕੰਟਰੋਲ ਕਰਨ ਅਤੇ ਹੋਰ ਸਿਹਤ ਸੁਰੱਖਿਾ ਉਪਾਅ ਯਕੀਨੀ ਬਣਾਉਣ ਲਈ ਪੁਲਿਸ ਦੀ ਮਦਦ ਲਈ ਵੀ ਵਾਲੰਟੀਅਰ ਤਿਆਰ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਦੇ ਕੰਟਰੈਕਟ ਬੇਸਿਸ ਸਟਾਫ ਦਾ ਮਸਲਾ ਹੱਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਬਾਇਓ ਮੈਡੀਕਲ ਵੇਸਟ ਦੀ ਲਿਫਟਿੰਗ ਲਈ ਦੋ ਟਰਾਲੀਆਂ ਭੇਜਣ ਦਾ ਐਲਾਨ ਵੀ ਕੀਤਾ।