Punjab Government Demands Blood : ਕੋਰੋਨਾ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਖਾਲੀ ਹੋਏ ਪੰਜਾਬ ਦੇ ਬਲੱਡ ਬੈਂਕਾਂ ਵਿਚ ਖੂਨ ਇਕੱਠਾ ਕਰਨ ਲਈ ਸੂਬੇ ਦੇ ਡੇਰਿਆਂ ਤੋਂ ਮੰਦਦ ਮੰਗੀ ਹੈ, ਤਾਂਜੋ ਖੂਨ ਦੀ ਕਮੀ ਕਾਰਨ ਐਮਰਜੈਂਸੀ ਵਿਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਏ। ਇਥੇ ਤੁਹਾਨੂੰ ਦੱਸ ਦੇਈਏ ਕਿ ਡੇਰਾ ਸਿਰਸਾ ਵੀ ਕੋਰੋਨਾ ਰਾਹਤ ਫੰਡ ’ਚ ਮੁੱਖ ਮੰਤਰੀ ਫੰਡ ’ਚ ਅਤੇ ਪ੍ਰਧਾਨ ਮੰਤਰੀ ਫੰਡ ਵਿਚ ਕਰੋੜਾਂ ਦਾ ਯੋਗਦਾਨ ਪਾਉਣਾ ਚਾਹੁੰਦਾ ਸੀ ਪਰ ਅਦਾਲਤਾਂ ਦੀਆਂ ਹਿਦਾਇਤਾਂ ਕਾਰਨ ਸੀਜ ਹੋਏ ਬੈਂਕ ਖਾਤਿਆਂ ਤੋਂ ਪੈਸਾ ਟਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਲਗਭਗ ਇਕ ਮਹੀਨਾ ਤੋਂ ਡੇਰੇ ਦੇ ਪ੍ਰੇਮੀ ਪੰਜਾਬ ਵਿਚ ਲੋੜਵੰਦਾਂ ਨੂੰ ਖੂਨ ਦਿੰਦੇ ਆ ਰਹੇ ਹਨ, ਜਦੋਂਕਿ ਪੰਜਾਬ ਸਰਕਾਰ ਨੇ ਡੇਰਾ ਬਿਆਸ ਡੇਰੇ ਵਿਚ ਕੋਰੋਨਾ ਪੀੜਤ ਅਤੇ ਇਕਾਂਤਵਾਸ ਵਿਚ ਲੋਕਾਂ ਨੂੰ ਰੱਖਣ ਲਈ ਸਹਿਯੋਗ ਦਿੰਦਾ ਆ ਰਿਹਾ ਹੈ। ਇਥੇ ਦੱਸ ਦੇਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀ ਜਬਰ-ਜ਼ਨਾਹ ਅਤੇ ਸੰਪਾਦਕ ਹੱਤਿਆਕਾਂਡ ਦੇ ਦੋਸ਼ ਵਿਚ ਹਰਿਆਣੇ ਦੀ ਰੋਹਤਕ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਗਟਾਏ ਇਤਰਾਜ਼ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ ਵੀ ਖਾਰਿਜ ਕੀਤੀ ਜਾ ਚੁੱਕੀ ਹੈ। ਡੇਰਾ ਮੁਖੀ ਵੱਲੋਂ ਕੋਰੋਨਾ ਰਾਹਤ ਫੰਡ ਵਿਚ ਤਿੰਨ ਕਰੋੜ ਰੁਪਏ ਦਿੱਤੇ ਜਾਣ ਦਾ ਮਤਾ ਵੀ ਪਾਸ ਨਹੀਂ ਹੋ ਸਕਿਆ ਹੈ।
ਉਂਝ ਡੇਰਾ ਸਿਰਸਾ ਹਰ ਸਾਲ ਵਿਸ਼ਾਲ ਖੂਨਦਾਨ ਕੈਂਪ ਲਗਾਉਂਦਾ ਹੈ। ਇਸ ਵਾਰ ਵੀ ਅੱਜ 8 ਮਈ ਨੂੰ ਉਸ ਨੇ ਥੈਲੇਸੀਮੀਆ ਦਿਨ ’ਤੇ ਖੂਨਦਾਨ ਕਰਨਾ ਹੈ ਪਰ ਲੌਕਡਾਊਨ ਕਾਰਨ ਖੂਨ ਲੈਣ ਵਾਲੇ ਮੁਸ਼ਕਲ ’ਚ ਹਨ। ਪੰਜਾਬ ’ਚ ਲਗਭਗ ਪੰਜ ਹਜ਼ਾਰ ਲੋਕ ਥੈਲੇਸੀਮੀਆ ਪੀੜਤ ਹਨ, ਜਿਨ੍ਹਾਂ ਨੂੰ ਤਿੰਨ ਤੋਂ ਚਾਰ ਹਫਤੇ ਵਿਚ ਇਕ ਵਾਰ ਖੂਨ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਕੋਰੋਨਾ ਪੀੜਤ ਅਤੇ ਹਾਦਸਿਆਂ ਆਦਿ ਵਿਚ ਖੂਨ ਦੀ ਲੋੜ ਬਣੀ ਹੋਈ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਡੇਰਾ ਸੱਚਾ ਸੌਦੇ ਦੇ ਪ੍ਰਬੰਧਕਾਂ ਨੂੰ ਲਿਖੇ ਗਏ ਪੱਤਰ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ’ਚ ਧਾਰਮਿਕ ਅਤੇ ਸਿਆਸੀ ਵਿਵਾਦ ਵੀ ਪੈਦਾ ਹੋਣ ਦਾ ਖਦਸਾ ਬਣਾਇਆ ਹੋਇਆ ਹੈ।