Police team attacked by gangster : ਪਟਿਆਲਾ ਵਿਖੇ ਕੇਂਦਰੀ ਜੇਲ ਵੀ ਕੈਦੀਆਂ ਕੋਲ ਮੋਬਾਈਲ ਹੋਣ ਦੀ ਸੂਚਨਾ ਮਿਲਣ ’ਤੇ ਜੇਲ ਵਿਚ ਚੈਕਿੰਗ ਕਰਨ ਗਈ ਟੀਮ ’ਤੇ ਗੈਂਗਸਟਰ ਸਣੇ ਦੋ ਕੈਦੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜੇਲ ਵਾਰਡਰ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਜੇਲ ਵਿਚ ਸਟਾਫ ਨਾ ਹੱਥੋਪਾਈ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਇਸ ਵਾਰ ਇਕ ਮਹੀਨੇ ਵਿਚ ਜੇਲ ਸਟਾਫ ’ਤੇ ਇਹ ਤੀਜਾ ਹਮਲਾ ਹੈ। ਜਾਣਕਾਰੀ ਮੁਤਾਬਕ ਬੀਤੇ ਸੋਮਵਾਰ ਪਟਿਆਲਾ ਦੀ ਸੈਂਟਰਲ ਜੇਲ ਵਿਚ ਵਾਰਡਰ ਸਿਕੰਦਰ ਸਿੰਘ ਤੇ ਜੇਲ ਸਟਾਫ ਦੇ ਸਹਾਇਕ ਸੁਪਰਿਟੈਂਡੈਂਟ ਚੈਕਿੰਗ ਕਰਨ ਲਈ ਗਏ ਸਨ। ਹਾਈ ਸਕਿਓਰਿਟੀ ਜ਼ੋਨ ਵਿਚ ਗੈਂਗਸਟਰ ਤੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਬੰਦ ਕੀਤਾ ਹੋਇਆ ਹੈ। ਜ਼ੋਨ ਦੀ ਤਲਾਸ਼ੀ ਲੈਣ ’ਤੇ ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਕੋਲੋਂ ਫੋਨ ਬਰਾਮਦ ਹੋਏ। ਬਰਾਮਦਗੀ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਜਦੋਂ ਫੋਨ ਸੌਂਪਣ ਲਈ ਕਿਹਾ ਗਿਆ ਤਾਂ ਵਿਚਾਰ ਅਧੀਨ ਕੈਦੀ ਦਰਸ਼ਨ ਸਿੰਘ ਨੇ ਫੋਨ ਨੂੰ ਕੰਧ ਵਿਚ ਮਾਰ ਕੇ ਤੋੜ ਦਿੱਤਾ।
ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਇਨ੍ਹਾਂ ਲੋਕਾਂ ਨੇ ਵਾਰਡਰ ਸਿਕੰਦਰ ਸਿੰਘ ’ਤੇ ਹਮਲਾ ਕਰਦੇ ਹੋਏ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਦੀ ਵਰਦੀ ਵੀ ਫਾੜ ਦਿੱਤੀ। ਇਨ੍ਹਾਂ ਦੋਵਾਂ ਦੋਸ਼ੀਆਂ ਤੋਂ ਇਕ ਚਾਰਜਰ, ਇਕ ਕੇਬਲ ਤੇ ਦੋ ਮੋਬਾਈਲ ਪੋਨ ਬਰਾਮਦ ਹੋਏ ਸਨ। ਜੇਲ ਸੁਪਰਿੰਟੈਂਡੈਂਟ ਦੇ ਬਿਆਨਾਂ ’ਤੇ ਥਾਣਾ ਤ੍ਰਿਪੜੀ ਪੁਲਿਸ ਵੱਲੋਂ ਉਕਤ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਤ੍ਰਿਪੜੀ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਇਥੇ ਦੱਸ ਦੇਈਏ ਕਿ ਅੱਠ ਅਪ੍ਰੈਲ ਨੂੰ ਵੀ ਸੈਂਟਰਲ ਜੇਲ ਪਟਿਆਲਾ ਵਿਚ ਬੰਦ ਦੋ ਵਿਚਾਰ ਅਧੀਨ ਕੈਦੀਆਂ ਵਿਚਾਲੇ ਝਗੜੇ ਤੋਂ ਬਾਅਦ ਉਸ ਕੋਲੋਂ ਫੋਨ ਬਰਾਮਦ ਕੀਤਾ ਗਿਆ ਸੀ। ਉਸ ਸਮੇਂ ਵੀ ਚੈਕਿੰਗ ਕਰਨ ਗਈ ਟੀਮ ’ਤੇ ਹਮਲਾ ਕੀਤਾ ਗਿਆ ਸੀ. ਉਥੇ ਬੀਤੇ 24 ਅਪ੍ਰੈਲ ਨੂੰ ਸੈਂਟਰਲ ਜੇਲ ਵਿਚ ਬੰਦ ਗੈਂਗਸਟਰਾਂ ਦੇ ਬੈਰਕ ਦੀ ਤਲਾਸ਼ੀ ਲੈਣ ਪਹੁੰਚੇ ਜੇਲ ਸਟਾਫ ’ਤੇ ਦਿਲਪ੍ਰੀਤ ਬਾਬਾ ਦੇ ਦੋ ਸਾਥੀਆਂ ਨੇ ਹਮਲਾ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਜੇਲ ਵਿਚ ਇਸ ਸਮੇਂ 1500 ਕੈਦੀ ਬੰਦ ਹਨ, ਜਿਨ੍ਹਾਂ ਦੀ ਨਿਗਰਾਨੀ ਲਈ ਲਗਭਗ 300 ਮੁਲਾਜ਼ਮ ਤਾਇਨਾਤ ਹਨ। ਅਜਿਹੇ ’ਚ ਇਨ੍ਹਾਂ ਖਤਰਨਾਕ ਗੈਂਗਸਟਰਾਂ ਤੇ ਕੈਦੀਆਂ ਨੂੰ ਕੰਟਰੋਲ ਕਰਨ ਵਿਚ ਜੇਲ ਅਧਿਕਾਰੀਆਂ ਦੇ ਵੀ ਪਸੀਨੇ ਛੁੱਟਣ ਲੱਗੇ ਹਨ।