Delhi court rejects bail: ਦਿੱਲੀ ਦੰਗੇ ਮਾਮਲੇ ਵਿੱਚ ਪੁਲਿਸ ਕਾਂਸਟੇਬਲ ‘ਤੇ ਪਿਸਤੌਲ ਤਾਨਣ ਦੇ ਦੋਸ਼ੀ ਸ਼ਾਹਰੁਖ ਪਠਾਨ ਦੀ ਜ਼ਮਾਨਤ ਅਰਜ਼ੀ ਨੂੰ ਕੜਕੜਡੂਮਾ ਅਦਾਲਤ ਨੇ ਖਾਰਜ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁਲਜ਼ਮ ਸ਼ਾਹਰੁਖ ਪਠਾਨ ਨੇ ਪੁਲਿਸ ਕਰਮਚਾਰੀ ‘ਤੇ ਪਿਸਤੌਲ ਤਾਣੀ ਅਤੇ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਉਸ ‘ਤੇ ਗੋਲੀ ਚਲਾ ਦਿੱਤੀ, ਉਹ ਤਸਵੀਰਾਂ ਦੇਸ਼ ਭਰ ਵਿੱਚ ਵਾਇਰਲ ਹੋ ਗਈਆਂ ਹਨ । ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਮੁਲਜ਼ਮ ਸ਼ਾਹਰੁਖ ਪਠਾਨ ਨੂੰ ਫਿਲਹਾਲ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।
ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਸ਼ਾਹਰੁਖ ਪਠਾਨ ਦੇ ਵਕੀਲ ਅਸਗਰ ਖਾਨ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਸ਼ਾਹਰੁਖ ਪਠਾਨ ਨੇ ਉਸ ਸਮੇਂ ਪਿਸਤੌਲ ਲਹਿਰਾਈ ਸੀ । ਉਸ ਦਾ ਪੁਲਿਸ ਮੁਲਾਜ਼ਮ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ । ਇਸ ਤੋਂ ਇਲਾਵਾ ਦੋਸ਼ੀ ਸ਼ਾਹਰੁਖ ਖਿਲਾਫ਼ ਹੋਰ ਕੋਈ ਅਪਰਾਧਿਕ ਕੇਸ ਮਾਮਲਾ ਨਹੀਂ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਸ਼ਾਹਰੁਖ ਦੇ ਵਕੀਲ ਨੇ ਅਦਾਲਤ ਦੇ ਉਨ੍ਹਾਂ 18 ਫੈਸਲਿਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚੋਂ 16 ਮਾਮਲੇ ਦਸੰਬਰ ਵਿੱਚ ਦਿੱਲੀ ਵਿੱਚ ਹੋਈ ਹਿੰਸਾ ਨਾਲ ਸਬੰਧਿਤ ਸਨ । ਹਾਲਾਂਕਿ, ਅਦਾਲਤ ਮੁਲਜ਼ਮ ਸ਼ਾਹਰੁਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਅਤੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ । ਸ਼ਾਹਰੁਖ ਨੇ 2 ਦਿਨ ਪਹਿਲਾਂ ਹੀ ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ।
ਦਿੱਲੀ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਹੇਠਲੀ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਹੇਠਲੀ ਅਦਾਲਤ ਦਾ ਮੰਨਣਾ ਹੈ ਕਿ ਉਹ ਇਸ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਲਈ ਕੋਈ ਖਾਸ ਕਾਰਨ ਨਹੀਂ ਦਿਖਾਈ ਦੇ ਰਿਹਾ । ਹਾਲਾਂਕਿ, ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਪਟੀਸ਼ਨ ਫਿਰ ਕਰਕਰਡੂਮਾ ਅਦਾਲਤ ਵਿੱਚ ਦਾਇਰ ਕੀਤੀ ਗਈ, ਜਿਸ ‘ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।