Prominent lawyer refuses to fight : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਣੇ 8 ਪੁਲਿਸ ਮੁਲਾਜ਼ਮਾਂ ’ਤੇ ਚੰਡੀਗੜ੍ਹ ਵਿਖੇ 29 ਸਾਲ ਪੁਰਾਣੇ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਦਰਜ ਮਾਮਲੇ ਵਿਚ ਡੀਜੀਪੀ ਵੱਲੋਂ ਸ਼ੁੱਕਰਵਾਰ ਗ੍ਰਿਫਤਾਰੀ ਤੋਂ ਬਚਣ ਲਈ ਮੋਹਾਲੀ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ, ਜਿਸ ’ਤੇ ਕੋਰਟ ਵੱਲੋਂ ਮਾਮਲੇ ’ਚ ਤੁਰੰਤ ਫੈਸਲਾ ਨਾ ਸੁਣਾਉਂਦਿਆਂ ਇਸ ਫੈਸਲੇ ਨੂੰ 9 ਮਈ ਤੱਕ ਸੁਰੱਖਿਅਤ ਰਖ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਨਾਮੀ ਵਕੀਲ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀਜੀਪੀ ਦਾ ਕੇਸ ਲੜਨ ਤੋਂ ਨਾਂਹ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਾਬਕਾ ਡੀਜੀਪੀ ਖਿਲਾਫ ਦਰਜ ਹੋਏ ਮਾਮਲੇ ਤੋਂ ਬਾਅਦ ਸੁਮੇਧ ਸੈਣੀ ਇਕ ਵਕੀਲ ਹੋਣ ਦੇ ਨਾਤੇ ਮੇਰੇ ਕੋਲ ਆਏ ਸਨ ਤੇ ਉਨ੍ਹਾਂ ਮੈਨੂੰ ਆਪਣਾ ਕੇਸ ਲੜਨ ਲਈ ਕਿਹਾ। ਮੈਂ ਇਹ ਕੇਸ ਲੜਨ ਲਈ ਤਿਆਰ ਹੋ ਗਿਆ ਪਰ ਅੱਜ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੋਸ਼ਲ ਮੀਡੀਆ ’ਤੇ ਕੁਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ ਨਾਂਹ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਇਸ ਕੇਸ ਬਾਰੇ ਸਾਰੇ ਦਸਤਾਵੇਜ਼ ਮੈਂ ਸੁਮੇਧ ਸੈਣੀ ਨੂੰ ਵਾਪਿਸ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਸਿੱਖ ਕੌਮ ’ਤੇ ਮਾਣ ਹੈ। ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਹੋਣ ਦੀ ਸੇਵਾ ਵੀ ਮਿਲੀ ਹੈ, ਜੋ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਇਹ ਸੇਵਾ ਨਿਰਸੁਆਰਥ ਹੋ ਕੇ ਕਰ ਰਿਹਾ ਹਾਂ। ਮੇਰੇ ਲਈ ਸਿੱਖ ਧਰਮ ਤੇ ਸਿੱਖ ਕੌਮ ਸਭ ਤੋਂ ਪਹਿਲਾਂ ਹੈ, ਜਦੋਂਕਿ ਵਕਾਲਤ ਪੇਸ਼ਾ ਬਾਅਦ ਵਿਚ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕਰਕੇ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਇਥੇ ਦੱਸ ਦੇਈਏ ਕਿ ਇਸ ਮਾਮਲੇ ਵਿਚ ਸਾਬਕਾ ਡੀਜੀਪੀ ਸੈਣੀ ਸਣੇ ਚੰਡੀਗੜ੍ਹ ਦੇ ਮੌਜੂਦਾ ਡੀਐਸਪੀ ਬਲਦੇਵ ਸਿੰਘ ਸੈਣੀ, ਸਬ-ਇੰਸਪੈਕਟਰ ਸਤਬੀਰ ਸਿੰਘ, ਇੰਸਪੈਕਟਰ ਹਰਰਾਏ ਸ਼ਰਮਾ, ਸਬ-ਇੰਸਪੈਕਟਰ ਜਗੀਰ ਸਿੰਘ, ਸਬ-ਇੰਸਪੈਕਟਰ ਅਨੂਪ ਸਿੰਘ, ਸਬ-ਇੰਸਪੈਕਟਰ ਕੁਲਦੀਪ ਸਿੰਘ ਅਤੇ ਇਕ ਹੋਰ ਦਾ ਨਾਂ ਸ਼ਾਮਲ ਹੈ।