Captain with Tiktok star Noorpreet : ਮੋਗਾ ਦੇ ਪਿੰਡ ਭਿੰਡਰਕਲਾਂ ਦੀ ਪੰਜ ਸਾਲਾ ਟਿਕ-ਟੌਕ ਸਟਾਰ ਨੂਰਪ੍ਰੀਤ ਕੌਰ ਦਾ ਜਾਦੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਚੱਲ ਗਿਆ ਹੈ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਨੂਰ ਦੇ ਇਕ ਟਿਕਟੌਕ ਵੀਡੀਓ ’ਚ ਸ਼ਾਮਲ ਹੋ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਤੇ ਨਾਲ ਹੀ ਇਸ ਨੰਨ੍ਹੀ ਸਟਾਰ ਨੂੰ ਆਪਣਾ ਅਸ਼ੀਰਵਾਦ ਦਿੱਤਾ ਹੈ। ਨੂਰਪ੍ਰੀਤ ਨਾਲ ਇਸ ਵੀਡੀਓ ਵਿਚ ਕੈਪਟਨ ਨੇ ਲੋਕਾਂ ਨੂੰ ਕਰਫਿਊ ਵਿਚ ਦਿੱਤੀ ਗਈ ਢਿੱਲ ਦੀ ਗਲਤ ਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤਈਕ 5.90 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਅਤੇ ਇਸ ਨੂੰ 2456 ਕੁਮੈਂਟ ਵੀ ਮਿਲੇ ਹਨ। ਇਸ ਤੋਂ ਪਹਿਲਾਂ ਮੋਗਾ ਪੁਲਿਸ ਵੀ ਨੂਰ ਨਾਲ ਵੀਡੀਓ ਦਾ ਹਿੱਸਾ ਬਣ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਟਿਕ ਟੌਕ ਸਟਾਰ ਮੋਗਾ ਦੀ ਨੂਰਪ੍ਰੀਤ ਦੀ ਇਹ ਨਵੀਂ ਵੀਡੀਓ ਕੈਪਟਨ ਅਮਰਿੰਦਰ ਸਿੰਘ ਨਾਲ ਆਈ ਹੈ, ਇਸ ਵੀਡੀਓ ਵਿਚ ਪਿੰਡ ਦੇ ਕੁਝ ਨੌਜਵਾਨ ਕਰਫਿਊ ਦੀ ਢਿੱਲ ਦੌਰਾਨ ਇਕੱਠੇ ਹੋ ਕੇ ਖੇਡਣ ਲਈ ਜਾ ਰਹੇਹਨਰਹੇ ਹਨ। ਇਸੇ ਦੌਰਾਨ ਛੱਤ ’ਤੇ ਖੜ੍ਹੀ ਪਿੰਡ ਭਿੰਡਰਕਲਾਂ ਦੀ ਰਹਿਣ ਵਾਲੀ ਇਸ ਪੰਜ ਸਾਲਾ ਨੂਰਪ੍ਰੀਤ ਕੌਰ ਨੂੰ ਵੀ ਖੇਡਣ ਲਈ ਕਹਿੰਦੇ ਹਨ, ਜਿਸ ’ਤੇ ਨੂਰ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਕਰਫਿਊ ਵਿਚ ਢਿੱਲ ਖੇਡਣ ਲਈ ਨਹੀਂ ਦਿੱਤੀ ਹੈ, ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ। ਇਸ ਦਾ ਗਲਤ ਫਾਇਦਾ ਨਾ ਚੁੱਕੋ। ਮੁੰਡੇ ਨਹੀਂ ਮੰਨਦੇ ਤਾਂ ਨੂਰਪ੍ਰੀਤ ਕੌਰ ਸਿੱਧੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੀ ਸ਼ਿਕਾਇਤ ਕਰਦੀ ਹੈ।
ਵੀਡੀਓ ’ਚ ਦਿਖਾਇਆ ਗਿਆ ਹੈ ਕਿ ਮੁੱਖ ਮੰਤਰੀ ਇਸ ਤੋਂ ਬਾਅਦ ਨੂਰਪ੍ਰੀਤ ਦੀ ਪੂਰੀ ਗੱਲ ਸੁਣਦੇ ਹਨ ਅਤੇ ਮੁੰਡਿਆਂ ਨਾਲ ਗੱਲ ਕਰਾਉਣ ਲਈ ਕਹਿੰਦੇ ਹਨ। ਮੁੱਖ ਮੰਤਰੀ ਦਾ ਫੋਨ ਦੇਖ ਕੇ ਮੁੰਡੇ ਹੈਰਾਨ ਹੋ ਜਾਂਦੇ ਹਨ ਤੇ ਕੈਪਟਨ ਉਨ੍ਹਾਂ ਨੂੰ ਕਹਿੰਦੇ ਹਨ ਕਿ ਜਿਸ ਤਰ੍ਹਾਂ ਗੁੱਟ ਬਣਾ ਕੇ ਉਹ ਖੇਡਣ ਜਾ ਰਹੇ ਹਨ ਇਹ ਕੋਰੋਨਾ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਬਾਅਦ ਸਾਰੇ ਮੁੰਡੇ ਲੌਕਡਾਊਨ ’ਚ ਘਰਾਂ ਤੋਂ ਬਾਹਰ ਨਾ ਨਿਕਲਣ ਦਾ ਸੰਕਲਪ ਲੈਂਦੇ ਹਨ। ਸੋਲ਼ ਮੀਡੀਆ ’ਤੇ ਹੁਣ ਇਹ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨੂਰ ਦੇ ਹੋਰ ਵੀਡੀਓ ਵਾਂਗ ਇਸ ਵੀਡੀਓ ਨੂੰ ਵੀ ਦੋ ਦਿਨ ’ਚ ਇਕ ਲੱਖ ਤੋਂ ਵੱਧ ਲੋਕ ਦੇਖ ਤੇ ਲਾਈਕ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇੱਟ ਭੱਠਾ ਮਜ਼ਦੂਰ ਦੀ ਬੇਟੀ ਨੂਰਪ੍ਰੀਤ ਅਤੇ ਉਸ ਦੀ ਨੌ ਸਾਲ ਦੀ ਭੈਣ ਜਸ਼ਨਪ੍ਰੀਤ ਕੌਰ ਟਿਕਟੌਕ ’ਤੇ ਆਪਣੀ ਵੀਡੀਓ ਕਾਰਨ ਖੂਬ ਮਸ਼ਹੂਰ ਹੋ ਗਈਆਂ ਹਨ ਅਤੇ ਸ਼ੋਹਰਤ ਖੱਟ ਰਹੀਆਂ ਹਨ। ਲੌਕਡਾਊਨ ਦੌਰਾਨ ਇਨ੍ਹਾਂ ਦੋਵਾਂ ਵੱਲੋਂ ਆਪਣੇ ਚਾਚਾ ਸੰਦੀਪ ਸਿੰਘ ਨਾਲ ਬਣਾਈਆਂ ਟਿਕ-ਟੌਕ ਵੀਡੀਓ ਖੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਇਹ ਦੋਵੇਂ ਰਾਤੋ-ਰਾਤ ਸਟਾਰ ਬਣ ਗਈਆਂ ਹਨ। ਫੇਸਬੁੱਕ, ਵ੍ਹਾਟਸਐਪ ਅਤੇ ਇੰਸਟਾਗ੍ਰਾਮ ’ਤੇ ਵੀ ਇਨ੍ਹਾਂ ਦੀਆਂ ਵੀਡੀਓ ਸ਼ੇਅਰ ਕਰਨ ਦਾ ਅੰਕੜਾ ਲੱਖਾਂ ’ਚ ਹੈ।