Exgratia of Rs 50 lakh imposed : ਪੰਜਾਬ ਸਰਕਾਰ ਦੇ ਵਿਤ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਕੋਵਿਡ-19 ਦੌਰਾਨ ਡਿਊਟੀ ਨਿਭਾ ਰਹੇ ਸਾਰੇ ਮੁਲਾਜ਼ਮਾਂ ਨੂੰ ’ਕੋਰੋਨਾ ਵਾਰੀਅਰ’ ਮੰਨਦਿਆਂ 50 ਲੱਖ ਰੁਪਏ ਦੀ ਐਕਸ ਗਰੇਸ਼ੀਆ (ਸਿਹਤ ਬੀਮਾ) ਯੋਜਨਾ ਲਾਗੂ ਕਰਨ ਦਾ ਅਹਿਮ ਐਲਾਨ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਅਧਿਆਪਕ ਜਥੇਬੰਦੀ ਡੀਟੀਐਫ ਵੱਲੋਂ ਹੋਰਨਾਂ ਮੰਗਾਂ ਦੇ ਨਾਲ-ਨਾਲ ਕੋਵਿਡ-19 ਦੌਰਾਨ ਡਿਊਟੀਆਂ ਨਿਭਾਅ ਰਹੇ ਸਾਰੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਕੋਰੋਨਾ ਵਰੀਅਰਸ ਦਾ ਦਰਜਾ ਦੇਣ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ (ਸਿਹਤ ਬੀਮਾ) ਯੋਜਨਾ ਲਾਗੂ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਚੁੱਕੀ ਜਾ ਰਹੀ ਹੈ।
ਡੀਟੀਐਫ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਬੀਤੇ ਮਹੀਨੇ ਦੇ ਅਖੀਰਲੇ ਹਫਤੇ ਵਿਚ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਲੌਕਡਾਊਨ ਅਤੇ ਕੋਵਿਡ-19 ਦੌਰਾਨ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸੂਬਾ ਸਕੱਤਰੇਤ ਦੇ ਫੈਸਲੇ ਮੁਤਾਬਕ ਮਿਤੀ 8 ਮਈ ਨੂੰ ਸਵੇਰੇ ਪੰਜਾਬ ਦੇ 18 ਜ਼ਿਲਾ ਕੇਂਦਰਾਂ ’ਤੇ ਜਥੇਬੰਦੀ ਦੇ ਜ਼ਿਲਾ ਤੇ ਬਲਾਕ ਆਗੂਆਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇ ਸਨ।
ਮੁਲਾਜ਼ਮਾਂ ’ਤੇ 50 ਲੱਖ ਦਾ ਐਕਸ ਗ੍ਰੇਸ਼ੀਆ ਲਾਗੂ ਹੋਣ ਦੇ ਫੈਸਲੇ ਨੂੰ ਸੰਘਰਸ਼ਾਂ ਦੀ ਅੰਸ਼ਿਕ ਪ੍ਰਾਪਤੀ ਕਰਾਰ ਦਿੰਦਿਆਂ ਇਸੇ ਦੇ ਘੇਰੇ ਵਿਚ ਸੂਬੇ ਦੇ ਕੱਚੇ, ਠੇਕਾ ਆਧਾਰਤ ਅਤੇ ਸੁਸਾਇਟੀਆਂ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡੀਟੀਐਫ ਆਗੂਆਂ ਨੇ ਆਪਣੀਆਂ ਮੰਗਾਂ ਵੀ ਰਖੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਅਗਲੇ ਪੜਾਅ ਦਾ ਸੰਘਰਸ਼ ਛੇੜਿਆ ਜਾਵੇਗਾ।