Frustrated Worker do not get ration : ਪੂਰੇ ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਦੀਆਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸਰਕਾਰ ਵੱਲੋਂ ਲੋੜਵੰਦਾਂ ਦੀ ਰਾਸ਼ਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਕਈ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਆਰਥਿਕ ਤੰਗੀਆਂ ਤੋਂ ਇੰਨਾ ਕੁ ਖੱਪ ਜਾਂਦੇ ਹਨ ਕਿ ਉਹ ਜ਼ਿੰਦਗੀ ਜਿਊਣ ਨਾਲੋਂ ਮਰਨਾ ਚੰਗਾ ਸਮਝਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਵਿਖੇ ਸਾਹਮਣੇ ਆਇਆ, ਜਿਥੇ ਇਕ ਮਜ਼ਦੂਰ ਨੇ ਆਰਥਿਕ ਤੰਗੀ ਦੇ ਚੱਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਮੁਤਾਬਿਕ ਸ਼ਨੀਵਾਰ ਨੂੰ 38 ਸਾਲਾ ਮਜ਼ਦੂਰ ਨੇ ਦੇਰ ਰਾਤ ਰਾਜੀਵ ਗਾਂਧੀ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਅਜੀਤ ਰਾਏ ਵਜੋਂ ਹੋਈ ਹੈ। ਉਹ ਦਿਹਾੜੀ ਮਜ਼ਦੂਰ ਦਾ ਕੰਮ ਕਰਦਾ ਸੀ। ਲੌਕਡਾਊਨ ਕਾਰਨ ਪਿਛਲੇ ਡੇਢ ਮਹੀਨੇ ਤੋਂ ਉਹ ਘਰ ‘ਚ ਹੀ ਬੈਠਾ ਸੀ ਅਤੇ ਪਰਿਵਾਰ ਦੇ ਖਾਣ-ਪੀਣ ਲਈ ਕੁਝ ਵੀ ਨਹੀਂ ਬਚਿਆ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਪਹੁੰਚਾਈ ਜਾ ਰਹੀ ਰਾਸ਼ਨ ਸਮੱਗਰੀ ਨਹੀਂ ਮਿਲ ਰਹੀ ਸੀ। ਅਜੀਤ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਰਾਸ਼ਨ ਲੈਣ ਲਈ ਪੁਲਿਸ ਥਾਣੇ ਜਾਂਦੇ ਸਨ ਅਤੇ ਖਾਲੀ ਹੱਥ ਪਰਤਦੇ ਸਨ, ਜਿਸ ਕਰਕੇ ਉਸ ਵਲੋਂ ਇਹ ਕਦਮ ਚੁੱਕਿਆ ਗਿਆ। ਸ਼ਨੀਵਾਰ ਨੂੰ ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ।
ਉਸ ਦੀ ਮੌਤ ਤੋਂ ਬਾਅਦ ਲਗਭਗ 500 ਮਜ਼ਦੂਰਾਂ ਦੀ ਮੌਕੇ ‘ਤੇ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਰਾਸ਼ਨ ਦੀ ਵੰਡ ਦਾ ਸਿਸਟਮ ਪਾਰਦਰਸ਼ੀ ਨਹੀਂ ਹੈ। ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਖੇਤਰ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।