35% of the workers decided to stay in Punjab : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਜਗਤ ਲਈ ਹਾਂਪੱਖੀ ਸੰਕੇਤ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਕੁਲ 30 ਲੱਖ ਪ੍ਰਵਾਸੀ ਮਜ਼ਦੂਰ ਹਨ, ਜਿਨ੍ਹਾਂ ਵਿਚੋਂ 10 ਲੱਖ ਮਜ਼ਦੂਰਾਂ ਨੇ ਕੋਰੋਨਾ ਕਾਰਨ ਆਪਣੇ ਗ੍ਰਹਿ ਸੂਬੇ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਝੋਨੇ ਦੀ ਬਿਜਾਈ ਅਤੇ ਉਦਯੋਗਾਂ ਦੇ ਚਾਲੂ ਹੋਣ ਦੇ ਬਾਅਦ 35 ਫੀਸਦੀ ਮਜ਼ਦੂਰਾਂ ਨੇ ਅਜੇ ਪੰਜਾਬ ਵਿਚ ਹੀ ਬਣੇ ਰਹਿਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਜਦੋਂ ਉਦਯੋਗ-ਧੰਦੇ ਠੱਪ ਹੋ ਕੇ ਰਹਿ ਗਏ ਸਨ ਤਾਂ ਉਸ ਸਮੇਂ ਪ੍ਰਵਾਸੀ ਮਜ਼ਦੂਰਾਂ ਨੇ ਕਾਫੀ ਵੱਡੀ ਗਿਮਤੀ ਵਿਚ ਆਪਣੇ ਗ੍ਰਹਿ ਸੂਬੇ ਵਾਪਸ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਦੀ ਗਿਣਤੀ 10 ਲੱਖ ਪਹੁੰਚ ਗਈ ਸੀ, ਜੋਕਿ ਪੰਜਾਬ ਦੇ ਉਦਯੋਗਾਂ ਲਈ ਚਿੰਤਾਜਨਕ ਸੀ।
ਕੈਪਟਨ ਨੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਦੀ ਦਿੱਤੀ ਗਈ ਛੋਟ ਤੋਂ ਬਾਅਦ ਜਿਵੇਂ- ਜਿਵੇਂ ਉਦਯੋਗਿਕ ਇਕਾਈਆਂ ’ਚ ਉਤਪਾਦਨ ਸ਼ੁਰੂ ਹੁੰਦਾ ਜਾ ਰਿਹਾ ਹੈ ਉਸੇ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾਕਿ 10 ਜੂਨ ਤੋਂ ਝੋਨੇ ਦੀ ਬਿਜਾਈ ਵੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਜਿਸ ਨਾਲ ਮਜ਼ਦੂਰਾਂ ਨੂੰ ਖੇਤਾਂ ਵਿਚ ਵੀ ਕੰਮ ਮਿਲ ਹੀ ਜਾਏਗਾ। ਅਜਿਹੇ ਹਾਲਾਤ ’ਚ ਉਮੀਦ ਹੈ ਕਿ ਪ੍ਰਵਾਸੀ ਮਜ਼ਦੂਰ ਆਪਣੇ ਹਿੱਤਾਂ ਨੂੰ ਧਿਆਨ ਵਿਚ ਰਖਦੇ ਹੋਏ ਆਪਣੇ ਵਾਪਸ ਜਾਣ ਤੋਂ ਗੁਰੇਜ਼ ਕਰਨਗੇ।
ਦੱਸ ਦੇਈਏ ਕਿ ਕੱਲ੍ਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਪ੍ਰਵਾਸੀ ਮਜ਼ਦੂਰਾਂ ਦੇ ਘਰ ਵਾਪਸੀ ਨਾ ਕਰਨ ’ਤੇ ਖੁਸ਼ੀ ਪ੍ਰਗਟਾਉਂਦਿਆਂ ਫੇਸਬੁੱਕ ’ਤੇ ਲਿਖਿਆ ਸੀ ਕਿ ਜਿਹੜੇ ਮਜ਼ਦੂਰਾਂ ਨੇ ਘਰ ਵਾਪਸੀ ਨਹੀਂ ਕੀਤੀ ਹੈ, ਉਨ੍ਹਾਂ ਦਾ ਪੂਰਾ ਖਿਆਲ ਰਖਿਆ ਜਾਵੇਗਾ। ਇਸ ਦੇ ਨਾਲ ਹੀ ਕੈਪਟਨ ਨੇ ਉਮੀਦ ਪ੍ਰਗਟਾਈ ਸੀ ਕਿ ਜਿਹੜੇ ਮਜ਼ਦੂਰ ਆਪਣੇ ਘਰਾਂ ਨੂੰ ਮੁੜ ਗਏ ਹਨ ਉਹ ਹੀ ਛੇਤੀ ਹੀ ਪੰਜਾਬ ’ਚ ਵਾਪਸੀ ਕਰਨਗੇ।