Sukhbir Badal Speaks On : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੰਤਰੀਆਂ ਤੇ ਅਫਸਰਸ਼ਾਹੀ ਵਿਚਾਲੇ ਹੋਏ ’ਤੇ ਵਿਵਾਦ ਬੋਲਦਿਆਂ ਕਿਹਾ ਕਿ ਦੇਸ਼ ਵਿਚ ਪੰਜਾਬ ’ਚ ਅਜਿਹੀ ਪਹਿਲੀ ਸਰਕਾਰ ਹੈ ਜਿਥੇ ਮੰਤਰੀਆਂ ਤੇ ਅਧਿਕਾਰੀਆਂ ਵਿਚਾਲੇ ਜੰਗ ਚੱਲ ਰਹੀ ਹੈ। ਪੰਜਾਬ ਵਿਚ ਅਜੇ ਤੱਕ ਹੋਈ ਕੈਬਨਿਟ ਦੀ ਬੈਠਕ ਵਿਚ ਇਕ ਅਧਿਕਾਰੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਵਿਵਾਦ ਹੁਣ ਸਾਹਮਣੇ ਆਇਆ ਹੈ ਉਹ ਹੈਰਾਨੀਜਨਕ ਹੈ। ਕੈਪਟਨ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸ਼ਰਾਬ ਨੂੰ ਲੈ ਕੇ ਸੂਬੇ ਵਿਚ ਲੜਾਈ ਹੋ ਰਹੀ ਹੈ। ਇਹ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਕੋਈ ਹੋਰ ਨਹੀਂ, ਸਗੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਹੈ। ਸ਼ਰਾਬ ਨੂੰ ਲੈ ਕੇ ਜਿਹੜੀ ਆਮਦਨੀ ਘੱਟ ਹੋ ਰਹੀ ਹੈ ਉਸ ’ਤੇ ਚਰਚਾ ਹੋਈ ਤਾਂ ਇਹ ਲੜਾਈ ਸ਼ੁਰੂ ਹੋਈ।
ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਬੈਠਕ ਵਿਚ ਇਹ ਹੀ ਕਿਹਾ ਸੀ ਕਿ ਐਕਸਾਈਜ਼ ਨੀਤੀ ਦੇ ਚੱਲਦੇ ਘਾਟਾ ਨਹੀਂ ਹੋ ਰਿਹਾ, ਸਗੋਂ ਸ਼ਰਾਬ ਦੇ ਨਾਜਾਇਜ਼ ਧੰਦੇ ਨਾਲ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਸਕੱਤਰ ਗਲਤ ਹੈ ਤਾਂ ਮੁੱਖ ਸਕੱਤਰ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਖੁਦ ਗਲਤ ਹੋਣ ਕਰਕੇ ਸਰਕਾਰ ਦੀ ਪੋਲ ਖੁੱਲ੍ਹ ਗਈ ਅਤੇ ਮੁੱਖ ਸਕੱਤਰ ਨੂੰ ਕੱਢਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਜਦੋਂ ਵੀ ਕੈਪਟਨ ਸਰਕਾਰ ਸੱਤਾ ’ਚ ਆਈ ਹੈ ਤਾਂ ਉਸ ਨੇ ਰੈਵੇਨਿਊ ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਖੁਦ ਪੰਜਾਬ ਦੀ ਲੁੱਟ ਸ਼ੁਰੂ ਕਰ ਦਿੱਤੀ। ਪਹਿਲਾਂ 1428 ਕਰੋੜ ਸ਼ਰਾਬ ਤੋਂ ਰੈਵੇਨਿਊ ਸੀ ਪਰ ਕੈਪਟਨ ਦੀ ਸਰਕਾਰ ਖਤਮ ਹੋਈ ਤਾਂ 1360 ਕਰੋੜ ਰਹਿ ਗਿਆ ਫਿਰ ਸਾਡੀ ਸਰਕਾਰ ਵਿਚ 5 ਹਜ਼ਾਰ ਕਰੋੜ ਰੈਵੇਨਿਊ ਘੱਟ ਗਿਆ, ਜੋਕਿ ਹੁਣ ਹੋਰ ਵੀ ਘੱਟ ਹੁੰਦਾ ਲੱਗ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਲ ਪਾਰਟੀ ਬੈਠਕ ਵਿਚ ਅਸੀਂ ਸਾਫ ਕੀਤਾ ਸੀ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਹਾਂ ਤੇ ਅਸੀਂ ਸਰਕਾਰ ਦਾ ਸਾਥ ਵੀ ਦਿੱਤਾ ਹੈ। ਜੇਕਰ ਅਸੀਂ ਬਾਕੀ ਸੂਬਿਆਂ ਵੱਲ ਕੋਰੋਨਾ ਨਾਲ ਲੜਨ ਦੇ ਤਰੀਕੇ ਵੱਲ ਧਿਆਨ ਦੇਈਏ ਤਾਂ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਪੂਰਾ ਸਿਸਟਮ ਹੀ ਰਿਮੋਟ ’ਤੇ ਹੈ ਅਤੇ ਮੁੱਖ ਮੰਤਰੀ ਗਾਇਬ ਹਨ।