The staff nurse raised : ਜਿਲ੍ਹਾ ਰੂਪਨਗਰ ਵਿਖੇ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਨਰਸਾਂ ਦੇ ਸੈਂਪਲ ਕੋਰੋਨਾ ਪਾਜੀਟਿਵ ਆਏ ਹਨ ਪਰ ਹੁਣ ਉਥੋਂ ਦੀ ਇਕ ਸਟਾਫ ਨਰਸ ਨੇ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਅਤੇ ਉਸ ਨੇ ਆਪਣਾ ਇਕ ਵੀਡੀਓ ਵੀ ਵਾਇਰਲ ਕੀਤਾ ਹੈ ਜਿਸ ਦੀ ਬਹੁਤ ਚਰਚਾ ਹੈ। ਸਟਾਫ ਨਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਦੇ ਸੈਂਪਲ ਦੋ ਦਿਨ ਬਾਅਦ ਦੁਬਾਰਾ ਲੈ ਕੇ ਟੈਸਟ ਲਈ ਭੇਜੇ ਗਏ ਹਨ ਅਤੇ ਦੂਜੀ ਵਾਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਦੇ ਉੱਚ ਅਧਿਕਾਰੀਆਂ ਦੇ ਸੈਂਪਲ ਦੁਬਾਰਾ ਲੈ ਕੇ ਭੇਜੇ ਜਾ ਸਕਦੇ ਹਨ ਤਾਂ ਉਨ੍ਹਾਂ ਦੇ ਕਿਉਂ ਨਹੀਂ?
ਸਟਾਫ ਨਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 14 ਦਿਨ ਲਈ ਏਕਾਂਤਵਾਸ ਵਿਚ ਰਹਿਣ ਨੂੰ ਕਿਹਾ ਗਿਆ ਹੈ ਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੇ ਸੈਂਪਲ ਦੁਬਾਰਾ ਲੈਬ ਵਿਚ ਟੈਸਟ ਲਈ ਭੇਜੇ ਜਾਣਗੇ। ਇਸ ਗੱਲ ਤੋਂ ਸਟਾਫ ਨਰਸ ਵਿਚ ਕਾਫੀ ਰੋਸ ਹੈ। ਸਟਾਫ ਨਰਸ ਦਾ ਕਹਿਣਾ ਹੈ ਕਿ ਉਸ ਦੀ ਰਿਪੋਰਟ ਗਲਤ ਹੈ। ਉਹ ਬਿਲਕੁਲ ਸਿਹਤਮੰਦ ਹੈ ਤੇ ਉਸ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਸਟਾਫ ਨਰਸ ਦਾ ਕਹਿਣਾ ਹੈ ਕਿ ਉਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ ਤੇ ਉਸ ਦਾ ਘਰ ਵੀ ਸੀਲ ਕਰ ਦਿੱਤਾ ਗਿਆ ਹੈ।
ਜਿਲ੍ਹਾ ਰੂਪਨਗਰ ਵਿਖੇ ਕੋਰੋਨਾ ਪਾਜੀਟਿਵ ਕੇਸ ਬਹੁਤ ਤੇਜੀ ਨਾਲ ਵਧ ਰਹੇ ਹਨ। ਇਸੇ ਕਰਕੇ ਸਿਹਤ ਵਿਭਾਗ ਵਲੋਂ ਚੁੱਪੀ ਸਾਧੀ ਗਈ ਹੈ ਤੇ ਸਿਵਲ ਸਰਜਨ ਰੂਪਨਗਰ ਵੀ ਕਿਸੇ ਤਰ੍ਹਾਂ ਦੀ ਫੋਨ ਕਾਲ ਨੂੰ ਵੀ ਰਿਸੀਵ ਨਹੀਂ ਕਰ ਰਹੇ ਹਨ। ਇੰਝ ਲਗ ਰਿਹਾ ਹੈ ਕਿ ਉਹ ਵੀ ਜਿਲ੍ਹੇ ਦੀ ਅਸਲੀ ਸਥਿਤੀ ਬਾਰੇ ਨਹੀਂ ਦੱਸਣਾ ਚਾਹੁੰਦੇ ਤੇ ਜਾਂ ਫਿਰ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਸਟਾਫ ਨਰਸ ਦੀ ਆਡੀਓ ਨੂੰ ਲੈ ਕੇ ਵੀ ਘਬਰਾ ਗਏ ਲੱਗਦੇ ਹਨ ਪਰ ਸਟਾਫ ਨਰਸ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬਦੇਹ ਕੌਣ ਹੈ? ਜਿਲ੍ਹਾ ਰੂਪਨਗਰ ਵਿਚ ਇਕੋ ਦਿਨ ਵਿਚ 34 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ।