5 more Covid-19 patients : ਜਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸ਼ਹਿਰ ਵਿਚ ਅੱਜ ਸਵੇਰੇ 5 ਪਾਜੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਕੇਸ ਟਾਇਰ ਫੈਕਟਰੀ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਕੈਲਾਸ਼ ਨਗਰ ਦਾ 39 ਸਾਲਾ ਵਿਅਕਤੀ, ਗੁਰਪਾਲ ਨਗਰ ਦਾ 52 ਸਾਲਾ, ਪੋਸਟ ਆਫਿਸ ਕਾਦੋਂ ਦਾ 25 ਸਾਲਾ ਵਿਅਕਤੀ ਅਤੇ ਲੁਧਿਆਣਾ ਦਾ 57 ਸਾਲਾ ਵਿਅਕਤੀ, ਹੈਬੋਵਾਲ ਕਲਾਂ ਦਾ 41 ਸਾਲਾ ਹੈ। ਇਨ੍ਹਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਜਿਲ੍ਹੇ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 141 ਹੋ ਗਈ ਹੈ। ਇੰਨੀ ਜਲਦੀ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਪ੍ਰਸ਼ਾਸਨ ਵੀ ਚਿੰਤਤ ਹੈ ਅਤੇ ਲੋਕਾਂ ਵਿਚ ਵੀ ਖੌਫ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਜਾਣਕਾਰੀ ਸਿਵਲ ਸਰਜਨ ਰਾਜੇਸ਼ ਬੱਗਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਲਗਭਗ 265 ਸ਼ੱਕੀ ਮਰੀਜਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਲਗਭਗ 4239 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 2352 ਲੋਕ ਆਪਣਾ ਕੁਆਰੰਟਾਈਨ ਸਮਾਂ ਪੂਰਾ ਕਰ ਚੁੱਕੇ ਹਨ। ਇਸੇ ਤਰ੍ਹਾਂ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਹਸਪਤਾਲ ਦੇ ਲਗਭਗ 45 ਤੋਂ ਵਧ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸਾਰੇ ਪਾਜੀਟਿਵ ਮਰੀਜ਼ 6 ਮਈ ਨੂੰ ਪਾਜੀਟਿਵ ਆਏ ਬਜੁਰਗ ਦੀ ਟ੍ਰੇਸਿੰਗ ਵਿਚ ਸਾਹਮਣੇ ਆਏ ਹਨ। ਹੁਣ ਫੈਕਟਰੀ ਦੇ ਹੋਰ ਮੁਲਾਜ਼ਮਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਜੋ ਇਨ੍ਹਾਂ ਦੇ ਸੰਪਰਕ ਵਿਚ ਸਨ। ਸਾਰੇ ਕਿਥੇ-ਕਿਥੇ ਗਏ ਅਤੇ ਕਿਹੜੇ ਲੋਕਾਂ ਨੂੰ ਮਿਲੇ. ਸਿਵਲ ਸਰਜਨ ਡਾ. ਬੱਗਾ ਨੇ ਕਿਹਾ ਕਿ ਬਜੁਰਗ ਤੋਂ ਸ਼ੁਰੂ ਹੋਈ ਇਸ ਚੇਨ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਸ ਦੇ ਵਧਦੇ ਕੇਸਾਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।