Twitter allows employees: ਕਈ ਦੇਸ਼ਾਂ ਵਿੱਚ ਲਾਕਡਾਊਨ ਦੇ ਚੱਲਦਿਆਂ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਹੀਆਂ ਹਨ । ਕੋਵਿਡ -19 ਲਈ ਅਜੇ ਤੱਕ ਕੋਈ ਇਲਾਜ ਸਾਹਮਣੇ ਨਹੀਂ ਆਇਆ ਹੈ । ਇਸ ਤੋਂ ਬਚਣ ਦਾ ਇਕੋ-ਇੱਕ ਰਸਤਾ ਹੈ, ਉਹ ਹੈ ਸਮਾਜਿਕ ਦੂਰੀ । ਇਸ ਤੋਂ ਸਬਕ ਲੈਂਦੇ ਹੋਏ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਆਪਣੇ ਸਟਾਫ ਨੂੰ ਹਮੇਸ਼ਾ ਲਈ ਘਰ ਤੋਂ ਕੰਮ ਕਰਨ ਦਾ ਵਿਕਲਪ ਦਿੱਤਾ ਹੈ । ਜਿਸਦਾ ਮਤਲਬ ਇਹ ਹੈ ਕਿ ਹੁਣ ਟਵਿੱਟਰ ਕਰਮਚਾਰੀ ਕੋਵਿਡ-19 ਦੇ ਖਤਮ ਹੋਣ ਤੋਂ ਬਾਅਦ ਵੀ ਘਰੋਂ ਕੰਮ ਕਰ ਸਕਣਗੇ ।
ਦਰਅਸਲ, ਟਵਿੱਟਰ ਨੇ ਇਹ ਕਦਮ ਫੇਸਬੁੱਕ, ਅਲਫ਼ਾਬੇਟ (ਗੂਗਲ) ਅਤੇ ਹੋਰ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਤੋਂ ਬਾਅਦ ਲਿਆ ਹੈ । ਇਨ੍ਹਾਂ ਕੰਪਨੀਆਂ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਇਸ ਸਾਲ ਦੇ ਅੰਤ ਤੱਕ ਘਰ ਤੋਂ ਕੰਮ ਕਰਨ ਲਈ ਕਿਹਾ ਹੈ । ਡੋਰਸੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਇੱਕ ਈ-ਮੇਲ ਦੁਆਰਾ ਅਣਮਿਥੇ ਸਮੇਂ ਲਈ ਘਰ ਤੋਂ ਕੰਮ ਕਰਨ ਦਾ ਵਿਕਲਪ ਦਿੱਤਾ ਹੈ । ਹਾਲਾਂਕਿ ਇਹ ਵਿਕਲਪ ਦਫਤਰੀ ਸਫਾਈ ਸੇਵਕਾਂ ਅਤੇ ਰੱਖ-ਰਖਾਵ ਕਰਨ ਵਾਲੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ, ਪਰ ਇਹ ਉਨ੍ਹਾਂ ਲਈ ਲਾਗੂ ਹੋਣਗੇ ਜੋ ਆਨਲਾਈਨ ਜਾਂ ਕੰਪਿਊਟਰ ‘ਤੇ ਕੰਮ ਕਰਦੇ ਹਨ ।
ਇਸ ਸਬੰਧੀ ਟਵਿੱਟਰ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਵਿਚਾਰਸ਼ੀਲ ਰਹੇ ਹਾਂ। ਅਸੀਂ ਉਨ੍ਹਾਂ ਕੰਪਨੀਆਂ ਵਿਚੋਂ ਇੱਕ ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵਰਕ ਫਰੋਮ ਹੋਮ ਦੀ ਸ਼ੁਰੂਆਤ ਕੀਤੀ । ਡੋਰਸੀ ਨੇ ਕਿਹਾ ਕਿ ਟਵਿੱਟਰ ਦਾ ਦਫਤਰ ਸਤੰਬਰ ਤੋਂ ਪਹਿਲਾਂ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ । ਟਵਿੱਟਰ ਪਹਿਲੀ ਤਕਨੀਕੀ ਕੰਪਨੀਆਂ ਵਿਚੋਂ ਇਕ ਸੀ ਜਿਸ ਨੇ ਆਪਣੇ 5,000 ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨਾ ਲਾਜ਼ਮੀ ਬਣਾਇਆ ।
ਦੱਸ ਦੇਈਏ ਕਿ ਇਸ ਸਾਲ ਦੇ ਅੰਤ ਤੱਕ ਗੂਗਲ ਅਤੇ ਫੇਸਬੁੱਕ ਨੇ ਪਹਿਲਾਂ ਹੀ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ । ਫੇਸਬੁੱਕ ਆਪਣਾ ਦਫਤਰ 6 ਜੁਲਾਈ ਤੋਂ ਖੋਲ੍ਹ ਦੇਵੇਗਾ । ਗੂਗਲ ਦੇ ਕਰਮਚਾਰੀ ਜੁਲਾਈ ਦੀ ਸ਼ੁਰੂਆਤ ਤੋਂ ਦਫਤਰ ਜਾ ਸਕਦੇ ਹਨ, ਪਰ ਜ਼ਿਆਦਾਤਰ ਲੋਕ ਘਰ ਤੋਂ ਕੰਮ ਕਰਨਗੇ । ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਅਕਤੂਬਰ ਤੱਕ ਘਰੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ ।