Vijay Mallya asks government: ਕੋਰੋਨਾ ਵਾਇਰਸ ਸੰਕਟ ਵਿਚਕਾਰ ਭਾਰਤ ਸਰਕਾਰ ਵੱਲੋਂ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਹਰ ਕੋਈ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ, ਇਸ ਦੌਰਾਨ ਲੰਡਨ ਤੋਂ ਵੀ ਇੱਕ ਪ੍ਰਤੀਕਿਰਿਆ ਆਈ ਹੈ। ਜਿਸ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇਸ ਘੋਸ਼ਣਾ ‘ਤੇ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਹੁਣ ਸਰਕਾਰ ਨੂੰ ਉਸ ਤੋਂ ਸਾਰੇ ਪੈਸੇ ਵਾਪਸ ਲੈਣੇ ਚਾਹੀਦੇ ਹਨ ।
ਇਸ ਸਬੰਧੀ ਵਿਜੇ ਮਾਲਿਆ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਮੈਂ ਕੋਰੋਨਾ ਵਾਇਰਸ ਸੰਕਟ ਦੌਰਾਨ ਰਾਹਤ ਪੈਕੇਜ ‘ਤੇ ਸਰਕਾਰ ਨੂੰ ਵਧਾਈ ਦਿੰਦਾ ਹਾਂ। ਉਹ ਜਿੰਨੇ ਪੈਸੇ ਚਾਹੁੰਦੇ ਹਨ ਪ੍ਰਿੰਟ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਮੇਰੇ ਵਰਗੇ ਛੋਟੇ ਸਹਿਯੋਗੀ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ, ਜੋ ਸਟੇਟ ਬੈਂਕ ਦਾ ਸਾਰਾ ਪੈਸਾ ਵਾਪਸ ਕਰਨਾ ਚਾਹੁੰਦਾ ਹੈ। ਗੌਰਤਲਬ ਹੈ ਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ, ਉਸ ‘ਤੇ ਲਗਭਗ 9000 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਵਿਜੇ ਮਾਲਿਆ ਲੰਬੇ ਸਮੇਂ ਤੋਂ ਲੰਡਨ ਵਿੱਚ ਹੀ ਰਹਿ ਰਿਹਾ ਹੈ।
ਦੱਸ ਦੇਈਏ ਕਿ ਲੰਡਨ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਖਿਲਾਫ ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਵਿਜੇ ਮਾਲਿਆ ਨੂੰ ਵੀ ਇੱਕ ਵਾਰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਿਆ ਸੀ, ਪਰ ਹੁਣ ਉਹ ਜ਼ਮਾਨਤ ‘ਤੇ ਹੈ। ਇਸ ਤੋਂ ਪਹਿਲਾਂ ਵੀ ਵਿਜੇ ਮਾਲਿਆ ਵੱਲੋਂ ਇਸ ਤਰ੍ਹਾਂ ਦੇ ਕਈ ਟਵੀਟ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਉਸਨੇ ਅਪੀਲ ਕੀਤੀ ਹੈ ਕਿ ਉਹ ਬੈਂਕ ਤੋਂ ਲਏ ਗਏ ਸਾਰੇ ਪੈਸੇ ਵਾਪਸ ਕਰਨਾ ਚਾਹੁੰਦਾ ਹੈ।