Cumin benefits: ਭਾਰਤੀ ਰਸੋਈ ਅਤੇ ਖਾਣ-ਪੀਣ ਵਿਚ ਵਰਤੇ ਜਾਣ ਵਾਲੇ ਮਸਾਲੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਯੁਰਵੈਦ ਵਿੱਚ ਇਹਨਾਂ ਦੀ ਵਰਤੋਂ ਕਈ ਬੀਮਾਰੀਆਂ ਦੀ ਦਵਾਈ ਵਜੋਂ ਕੀਤੀ ਜਾਂਦੀ ਰਹੀ ਹੈ। ਸਾਡੀ ਰਸੋਈ ‘ਚ ਮੌਜੂਦ ਮਸਾਲਿਆਂ ‘ਚ ਜੀਰਾ ਜ਼ਰੂਰ ਸ਼ਾਮਿਲ ਹੁੰਦਾ ਹੈ, ਜਿਸਦੀ ਵਰਤੋਂ ਦਾਲ ਅਤੇ ਸਬਜ਼ੀਆਂ ਤੋਂ ਲੈ ਕੇ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਕਈ ਕਿਸਮਾਂ ਦੇ ਭੋਜਨਾਂ ‘ਚ ਜੀਰੇ ਦਾ ਤੜਕਾ ਲਗਾਉਂਦੇ ਹੀ ਸਵਾਦ ਵੱਧ ਜਾਂਦਾ ਹੈ। ਜੀਰਾ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪੇਟ ਦੀਆਂ ਬੀਮਾਰੀਆਂ ਜਿਵੇਂ ਕਬਜ਼, ਬਦਹਜ਼ਮੀ ਤੋਂ ਲੈ ਕੇ ਕਈ ਕਿਸਮਾਂ ਦੀਆਂ ਖਤਰਨਾਕ ਬੀਮਾਰੀਆਂ ਨੂੰ ਰੋਕਣ ਲਈ ਵੀ ਅਸਰਦਾਰ ਹੈ। ਇਸ ਨੂੰ ਨਿਯਮਤ ਰੂਪ ਵਿਚ ਲੈਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਜੀਰਾ ਦੇ ਨਿਯਮਿਤ ਸੇਵਨ ਦੇ ਕੁਝ ਵਿਸ਼ੇਸ਼ ਫਾਇਦਿਆਂ ਬਾਰੇ…
ਕੋਲੈਸਟ੍ਰੋਲ ਨੂੰ ਕੰਟਰੋਲ: ਜੀਰੇ ਦਾ ਸੇਵਨ ਖੂਨ ਦੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਲਈ ਲਾਭਕਾਰੀ ਸਿੱਧ ਹੋ ਸਕਦਾ ਹੈ। ਪਿਛਲੀਆਂ ਬਹੁਤ ਸਾਰੀਆਂ ਖੋਜਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਜੀਰਾ ਸਾਡੇ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ, ਜਦੋਂ ਕਿ ਇਸ ਵਿੱਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਣ ਦੀ ਯੋਗਤਾ ਵੀ ਹੁੰਦੀ ਹੈ। ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਨਾਲ ਅਸੀਂ ਕਈ ਕਿਸਮਾਂ ਦੀਆਂ ਬੀਮਾਰੀਆਂ ਤੋਂ ਸੁਰੱਖਿਅਤ ਰਹਿ ਸਕਦੇ ਹਾਂ।
ਕਬਜ਼ ਅਤੇ ਬਦਹਜ਼ਮੀ ਤੋਂ ਆਰਾਮ: ਅਨਿਯਮਤ ਖਾਣਾ ਖਾਣ ਕਾਰਨ ਅੱਜ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਆਮ ਹੈ। ਕਬਜ਼ ਦੇ ਲਈ ਘਰੇਲੂ ਨੁਸਖ਼ੇ ਦੇ ਤੌਰ ‘ਤੇ ਜੀਰੇ ਦੇ ਪਾਣੀ ਦਾ ਸੇਵਨ ਕਰਨ ਨੂੰ ਕਿਹਾ ਜਾਂਦਾ ਹੈ। ਜੀਰੇ ‘ਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ ਇਸ ਨਾਲ ਕਬਜ਼ ਵਿਚ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਇਹ ਸਾਡੇ ਸਰੀਰ ਦੇ ਪਾਚਨ ਕਿਰਿਆ ਨੂੰ ਦਰੁਸਤ ਕਰਦਾ ਹੈ ਅਤੇ ਪੇਟ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਸ਼ੂਗਰ ਤੋਂ ਬਚਾਅ: ਉਹ ਲੋਕ ਜੋ ਸ਼ੂਗਰ ਤੋਂ ਪੀੜਤ ਹਨ ਉਹ ਕਈ ਕਿਸਮਾਂ ਦੇ ਪਕਵਾਨਾਂ ਦਾ ਸੁਆਦ ਲੈਣ ਦੇ ਅਯੋਗ ਹੁੰਦੇ ਹਨ। ਜੀਰੇ ਵਿਚ ਐਂਟੀ-ਡਾਇਬਟੀਜ਼ ਗੁਣ ਹੁੰਦੇ ਹਨ ਜੋ ਸਰੀਰ ਵਿਚ ਸ਼ੂਗਰ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦਗਾਰ ਹੁੰਦੇ ਹਨ। ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਤੋਂ ਬਚਣ ਲਈ ਜੀਰੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਖੂਨ ਦੀ ਕਮੀ ਹੁੰਦੀ ਹੈ ਪੂਰੀ: ਜੇ ਸਰੀਰ ਵਿਚ ਖੂਨ ਦੀ ਕਮੀ ਹੈ ਤਾਂ ਅਨੀਮੀਆ ਵਰਗੀ ਬੀਮਾਰੀ ਦਾ ਖ਼ਤਰਾ ਹੈ। ਜੀਰੇ ਵਿਚ ਲੋਹੇ ਦੀ ਮਾਤਰਾ ਹੁੰਦੀ ਹੈ। ਆਇਰਨ ਇਕ ਖਣਿਜ ਹੈ ਜੋ ਸਾਡੇ ਸਰੀਰ ਵਿਚ ਖੂਨ ਬਣਾਉਣ ਵਿਚ ਮਦਦ ਕਰਦਾ ਹੈ। ਇਸ ਲਈ ਜੀਰੇ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਵਿਚ ਅਨੀਮੀਆ ਨਹੀਂ ਹੁੰਦਾ ਅਤੇ ਸਰੀਰ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।