Relief news for parents : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਲੌਕਡਾਊਨ ਦੌਰਾਨ ਆਨਲਾਈਨ ਸਿੱਖਿਆ ਲੈ ਰਹੇ ਬੱਚਿਆਂ ਦੇ ਮਾਪਿਆਂ ਲਈ ਇਕ ਰਾਹਤ ਭਰੀ ਖਬਰ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਲੌਕਡਾਊਨ ਵਿਚ ਸਕੂਲੀ ਟਿਊਸ਼ਨ ਲੈ ਰਹੇ ਹਨ, ਸਿਰਫ ਉਨ੍ਹਾਂ ਨੂੰ ਹੀ ਫੀਸ ਦੇਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਤੋਂ ਕਿਸੇ ਤਰ੍ਹਾਂ ਦੀ ਦਾਖਲਾ ਫੀਸ ਨਹੀਂ ਲੈ ਸਕਣਗੇ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਹਰੇਕ ਖੇਤਰ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਹੈ। ਅਜਿਹੇ ਵਿਚ ਸਕੂਲੀ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਤੇ ਮਾਪਿਆਂ ਤੋਂ ਕਿਸੇ ਤਰ੍ਹਾਂ ਦਾ ਵਾਧੂ ਖਰਚਾ ਨਾ ਵਸੂਲਣ ਕਿਉਂਕਿ ਲੌਕਡਾਊਨ/ਕਰਫਿਊ ਕਾਰਨ ਹਰੇਕ ਦੇ ਕਾਰੋਬਾਰ ਬਿਲਕੁਲ ਠੱਪ ਪਏ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਜਿਹੜੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਹੈ ਸਿਰਫ ਉਹ ਹੀ ਬੱਚਿਆਂ ਤੋਂ ਫੀਸ ਲੈ ਸਕਣਗੇ। ਇਸ ਤੋਂ ਇਲਾਵਾ ਕਿਸੇ ਹੋਰ ਸਕੂਲ ਪ੍ਰਬੰਧਕ ਨੂੰ ਇਹ ਫੀਸ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਟਿਊਸ਼ਨ ਫੀਸ ਲੈਣ ਦੀ ਵਿਵਸਥਾ ਵੀ ਸਿਰਫ ਇਸ ਲਈ ਕੀਤੀ ਗਈ ਹੈ ਤਾਂ ਜੋ ਸਕੂਲ ਪ੍ਰਬੰਧਕ ਵੀ ਆਪਣੇ ਮਹੀਨੇ ਦੇ ਹੋਣ ਵਾਲੇ ਖਰਚਿਆਂ ਨੂੰ ਸੁਚਾਰੂ ਤਰੀਕੇ ਨਾਲ ਚਲਾ ਸਕਣ ਤੇ ਆਪਣੇ ਸਟਾਫ ਮੈਂਬਰਾਂ ਲਈ ਤਨਖਾਹ ਦਾ ਵੀ ਪ੍ਰਬੰਧ ਕਰ ਸਕਣ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਨਵੇਂ ਹੁਕਮ ਜਾਰੀ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਮਾਪਿਆਂ ਨੂੰ ਰਾਹਤ ਦੇਣਾ ਹੈ ਪਰ ਫਿਰ ਵੀ ਜੇਕਰ ਕੋਈ ਵਿਦਿਆਰਥੀ ਟਿਊਸ਼ਨ ਫੀਸ ਦੇਣ ਵਿਚ ਅਸਮਰਥ ਹਨ ਜਾਂ ਫੀਸ ਦੇਣ ਵਿਚ ਵਿਦਿਆਰਥੀਆਂ ਵਲੋਂ ਕਿਸੇ ਤਰ੍ਹਾਂ ਦੀ ਦੇਰੀ ਹੋ ਜਾਂਦੀ ਹੈ ਤਾਂ ਸਕੂਲ ਪ੍ਰਬੰਧਕਾਂ ਵਲੋਂ ਨਾ ਤਾਂ ਉਨ੍ਹਾਂ ’ਤੇ ਦਬਾਅ ਪਾਇਆ ਜਾ ਸਕਦਾ ਹੈ ਤੇ ਨਾ ਹੀ ਉਹ ਵਿਦਿਆਰਥੀ ਨੂੰ ਸਕੂਲੋਂ ਬਾਹਰ ਕੱਢ ਸਕਦੇ ਹਨ। ਸਕੂਲੀ ਅਧਿਆਪਕਾਂ ਦੀ ਹਿੱਤਾਂ ਦੀ ਰਾਖੀ ਲਈ ਵੀ ਸਿੱਖਿਆ ਮੰਤਰੀ ਵਲੋਂ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਸਕੂਲ ਵਲੋਂ ਨਾ ਤਾਂ ਸਕੂਲੀ ਅਧਿਆਪਕਾਂ ਦੀਆਂ ਤਨਖਾਹਾਂ ਰੋਕੀਆਂ ਜਾ ਸਕਦੀਆਂ ਹਨ ਤੇ ਨਾ ਹੀ ਘਟਾਈਆਂ ਸਕਦੀਆਂ ਹਨ।