CBSE Give Another Chance: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(CBSE) ਵੱਲੋਂ 9ਵੀਂ ਅਤੇ 11ਵੀਂ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਪਾਸ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ । CBSE ਵੱਲੋਂ ਇਹ ਫੈਸਲਾ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਵਿਦਿਆਰਥੀਆਂ ਵਿੱਚ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ । CBSE ਦੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ 9ਵੀਂ ਜਾਂ 11ਵੀਂ ਜਮਾਤ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਕੂਲ ਇੱਕ ਵਾਰ ਫਿਰ ਉਨ੍ਹਾਂ ਦੀ ਪ੍ਰੀਖਿਆ ਲੈ ਸਕਦੇ ਹਨ। ਇਹ ਟੈਸਟ ਵਿਦਿਆਰਥੀ ਦੀ ਸਹੂਲਤ ਅਨੁਸਾਰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰਾਂ ਨਾਲ ਹੋ ਸਕੇਗਾ। ਜਿਸ ਵਿਸ਼ੇ ਵਿੱਚ ਵਿਦਿਆਰਥੀ ਫੇਲ੍ਹ ਹੋਵੇਗਾ, ਉਸਦੀ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਨੂੰ ਕਾਫ਼ੀ ਸਮਾਂ ਦਿੱਤਾ ਜਾਵੇਗਾ ।
ਦਰਅਸਲ, ਇਸ ਸਬੰਧੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਇੱਕ ਟਵੀਟ ਕਰਦੇ ਹੋਏ CBSE ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਇੱਕ ਹੋਰ ਮੌਕਾ ਦੇਣ। MHRD ਦੇ ਆਦੇਸ਼ਾਂ ਤੋਂ ਬਾਅਦ CBSE ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ । ਜਿਸ ਅਨੁਸਾਰ ਸਕੂਲ ਪੱਧਰ ’ਤੇ 9ਵੀਂ ਜਾਂ 11ਵੀਂ ਕਲਾਸ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਸਕੂਲ ਇਕ ਵਾਰ ਹੋਰ ਟੈਸਟ ਲੈ ਸਕਦੇ ਹਨ।
CBSE ਨੇ ਕਿਹਾ ਕਿ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਪਾਸ ਹੋਣ ਦਾ ਇੱਕ ਹੋਰ ਮੌਕਾ ਇਸ ਸਾਲ ਹੀ ਦਿੱਤਾ ਜਾਵੇਗਾ । ਇਹ ਸਹੂਲਤ ਸਿਰਫ ਇਕ ਸਮੇਂ ਲਈ ਹੈ, ਇਸ ਨੂੰ ਭਵਿੱਖ ਵਿੱਚ ਜਾਰੀ ਨਹੀਂ ਰੱਖਿਆ ਜਾਵੇਗਾ । 13 ਮਈ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਸੀਬੀਐਸਈ ਨੇ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਕੋਰੋਨਾ ਸੰਕਟ ਕਾਰਨ ਤਣਾਅ ਵਿੱਚ ਸਨ । ਜਿਸ ਕਾਰਨ ਅਜਿਹੇ ਮੁਸ਼ਕਿਲ ਸਮੇਂ ਵਿੱਚ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਹੋਣ ‘ਤੇ ਇੱਕ ਹੋਰ ਮੌਕਾ ਦਿੱਤਾ ਜਾਵੇਗਾ ।