24 migrant labourers killed: ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਪਿੰਡ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਹੋ ਗਈ । ਇਸ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੋਤਵਾਲੀ ਖੇਤਰ ਦੇ ਰਾਸ਼ਟਰੀ ਰਾਜ ਮਾਰਗ 2 ‘ਤੇ ਵਾਪਰਿਆ ਹੈ । ਮਿਲੀ ਜਾਣਕਾਰੀਅਨੁਸਾਰ ਟਰਾਲੇ ਵਿੱਚ ਚੂਨਾ ਲੱਦਿਆ ਹੋਇਆ ਸੀ । ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕ ਟਰੱਕ ਵਿੱਚ ਸਵਾਰ ਹੋ ਕੇ ਦਿੱਲੀ ਤੋਂ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਜਾ ਰਹੇ ਸਨ ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ । ਇਸ ਸਬੰਧੀ ਔਰਈਆ ਦੇ ਡੀਐੱਮ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲਗਭਗ ਸਵੇਰੇ 3:30 ਵਜੇ ਵਾਪਰਿਆ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ ਰਾਜਸਥਾਨ ਤੋਂ ਪਰਤ ਰਹੇ ਸਨ ।
ਚਸ਼ਮਦੀਦ ਗਵਾਹਾਂ ਅਨੁਸਾਰ ਡੀਸੀਐੱਮ ਸੜਕ ‘ਤੇ ਖੜ੍ਹਾ ਸੀ, ਤਦ ਹੀ ਟਰੱਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ । ਔਰਈਆ ਦੇ ਐੱਸਪੀ ਸੁਨੀਤੀ ਸਿੰਘ ਤੇ ਕਈ ਥਾਣਿਆਂ ਦੀ ਪੁਲਿਸ ਮੌਕੇ ’ਤੇ ਮੌਜੂਦ ਹੈ। ਪੁਲਿਸ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ । ਇਸ ਹਾਡੇਸ ਤੋਂ ਬਾਅਦ ਕੁਝ ਗੰਭੀਰ ਜ਼ਖ਼ਮੀਆਂ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਵਿੱਚ ਵੀ ਰੈਫ਼ਰ ਕੀਤਾ ਗਿਆ ਹੈ ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਟ ਕਾਰਨ 24 ਮਾਰਚ ਤੋਂ ਲਾਕਡਾਊਨ ਜਾਰੀ ਹੈ । ਲਾਕਡਾਊਨ ਕਾਰਨ ਦੇਸ਼ ਵਿੱਚ ਆਵਾਜਾਈ ਸੇਵਾਵਾਂ ਠੱਪ ਹਨ, ਜਿਸ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹਾਲਾਤ ਤੋਂ ਪਰੇਸ਼ਾਨ ਮਜ਼ਦੂਰ ਪੈਦਲ ਹੀ ਤੁਰਨ ਲਈ ਮਜਬੂਰ ਹਨ ਅਤੇ ਹੁਣ ਤੱਕ ਕਈ ਮਜ਼ਦੂਰ ਹਾਦਸਿਆਂ ਵਿਚ ਮਾਰੇ ਜਾ ਚੁੱਕੇ ਹਨ।