UP CM adityanath Yogi: ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਸਵੇਰੇ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇਅ ‘ਤੇ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਟਰਾਲੇ ਨੇ ਚਾਹ ਦੀ ਦੁਕਾਨ ‘ਤੇ ਖੜੇ ਮਜ਼ਦੂਰਾਂ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ 23 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਸਾਰੇ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਸਨ ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਵਿੱਚ ਜੇ ਕੋਈ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤਾਂ ਇਹ ਮਜ਼ਦੂਰ ਵਰਗ ਹੈ । ਲਾਕਡਾਊਨ ਕਾਰਨ ਸਾਰੀਆਂ ਟ੍ਰੈਫਿਕ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ । ਅਜਿਹੀ ਸਥਿਤੀ ਵਿੱਚ ਕਮਾਈ ਅਤੇ ਖਾਣ ਪੀਣ ਦੇ ਸੰਕਟ ਦੇ ਵਿਚਕਾਰ ਮਜ਼ਦੂਰ ਆਪਣੇ ਪਿੰਡਾਂ ਲਈ ਰਵਾਨਾ ਹੋਏ ਹਨ । ਪਲਾਯਨ ਦੌਰਾਨ ਸੜਕ ਅਤੇ ਰੇਲ ਹਾਦਸਿਆਂ ਵਿੱਚ ਦੇਸ਼ ਦੇ ਕਈ ਕੋਨਿਆਂ ਤੋਂ ਮਜ਼ਦੂਰ ਮਾਰੇ ਗਏ ਹਨ । ਉੱਥੇ ਹੀ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਔਰਈਆ ਵਿੱਚ ਹੋਏ ਸੜਕ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ‘ਤੇ ਡੂੰਘਾ ਸੋਗ ਪ੍ਰਗਟਾਇਆ ਹੈ । ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੀੜਤਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ।
ਇਸ ਹਾਦਸੇ ਤੋਂ ਬਾਅਦ ਹੁਣ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਦੀ ਤਲਵਾਰ ਲਟਕਣ ਲੱਗ ਗਈ ਹੈ । ਆਈਜੀ ਰੇਂਜ ਕਾਨਪੁਰ ਦੀ ਰਿਪੋਰਟ ਤੋਂ ਬਾਅਦ ਲਾਪਰਵਾਹੀ ਵਰਤਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾਣੀ ਤੈਅ ਮੰਨੀ ਜਾ ਰਹੀ ਹੈ । ਦਰਅਸਲ, ਮੁੱਖ ਮੰਤਰੀ ਯੋਗੀ ਨੇ ਘਟਨਾ ਦੀ ਰਿਪੋਰਟ ਨੂੰ ਆਈਜੀ ਰੇਂਜ ਤੋਂ ਤਲਬ ਕੀਤਾ ਹੈ ।
ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਮਜ਼ਦੂਰਾਂ ਦੇ ਪਲਾਯਨ ਸਬੰਧੀ ਦਿੱਤੀ ਗਈ ਹਦਾਇਤ ਤੋਂ 12 ਘੰਟੇ ਬਾਅਦ ਹੀ ਇਹ ਹਾਦਸਾ ਵਾਪਰ ਗਿਆ ਹੈ । ਦਰਅਸਲ, ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਸਖਤ ਨਿਰਦੇਸ਼ ਦਿੱਤੇ ਸਨ ਕਿ ਕੋਈ ਵੀ ਮਜ਼ਦੂਰ ਪੈਦਲ ਜਾਂ ਅਸੁਰੱਖਿਅਤ ਢੰਗ ਨਾਲ ਯਾਤਰਾ ਨਾ ਕਰੇ। ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ । ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਟਰੱਕਾਂ ਵਿੱਚ ਮਜ਼ਦੂਰ ਲਿਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।