Cyclone Amphan: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ ‘ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ਵਿੱਚ ਤੇਜੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ । ਉੱਥੇ ਹੀ, ਅਗਲੇ 24 ਘੰਟਿਆਂ ਵਿੱਚ ਇਹ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ । ਇਸ ਵਿੱਚ ਪੂਰਬੀ ਨੇਵੀ ਫੌਜ ਕਮਾਨ (ANC) ਵੀ ਅਲਰਟ ਹੋ ਗਈ ਹੈ । ਵਿਸ਼ਾਖਾਪਟਨਮ ਵਿੱਚ ਭਾਰਤੀ ਨੇਵੀ ਫੌਜ ਦੇ ਜਹਾਜ਼ ਅਲਰਟ ਮੋਡ ਵਿੱਚ ਹਨ । ਉਹ ਮੈਡੀਕਲ ਸਰਵਿਸ ਅਤੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਤਾਇਨਾਤ ਹਨ।
ਇਨ੍ਹਾਂ ਜਹਾਜ਼ਾਂ ਵਿੱਚ ਵਾਧੂ ਗੋਤਾਖੋਰ, ਡਾਕਟਰ ਅਤੇ ਰਾਹਤ ਸਾਮੱਗਰੀ ਤਿਆਰ ਹੈ । ਇਸ ਵਿੱਚ ਖਾਣ ਦੇ ਸਾਮਾਨ, ਤੰਬੂ, ਕੱਪੜੇ, ਦਵਾਈਆਂ, ਕੰਬਲ ਆਦਿ ਸਮਰੱਥ ਮਾਤਰਾ ਵਿੱਚ ਸ਼ਾਮਿਲ ਹਨ । ਇਸ ਤੋਂ ਇਲਾਵਾ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬਚਾਅ ਅਤੇ ਰਾਹਤ ਕੋਸ਼ਿਸ਼ਾਂ ਨੂੰ ਵਧਾਉਣ ਲਈ ਜੇਮਿਨੀ ਬੋਟਸ ਅਤੇ ਮੈਡੀਕਲ ਟੀਮਾਂ ਦੇ ਨਾਲ ਬਚਾਅ ਦਲ ਵੀ ਤਿਆਰ ਹਨ ।
ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਚੱਕਰਵਾਤੀ ਤੂਫਾਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ । ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਦਾਜੇ ਅਨੁਸਾਰ ਬੰਗਾਲ ਦੀ ਖਾੜੀ ਦੇ ਉੱਪਰ ਅਤੇ ਦੱਖਣੀ ਅੰਡੇਮਾਨ ਸਾਗਰ ਕੋਲ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ, ਇਸ ਨਾਲ ਓਡੀਸ਼ਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੱਕਰਵਾਤੀ ਤੂਫਾਨ ਅਮਫਾਨ (Amphan) ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਜੇ ਇਹ ਚੱਕਰਵਾਤੀ ਤੂਫਾਨ ਵਜੋਂ ਵਿਕਸਤ ਹੁੰਦਾ ਹੈ, ਤਾਂ ਇਹ 17 ਮਈ ਤੱਕ ਉੱਤਰ-ਪੂਰਬ ਵੱਲ ਵਧੇਗਾ ਅਤੇ ਫਿਰ ਉੱਤਰ-ਪੱਛਮ ਵੱਲ ਵਧਣ ਦੀ ਉਮੀਦ ਹੈ । ਇਸ ਸਮੇਂ ਹਵਾ ਦੀ ਗਤੀ 55-65 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਜੋ ਕਿ ਪ੍ਰਤੀ ਘੰਟਾ 75 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ । ਤੱਟਵਰਤੀ ਰਾਜਾਂ ਵਿੱਚ ਤੂਫਾਨ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰੀ ਕੰਢੇ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ । ਇਸਦੇ ਨਾਲ ਹੀ ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਸਣੇ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ।